ਆਰ.ਬੀ.ਐਸ.ਕੇ. ਦੇ ਯਤਨਾਂ ਸਦਕਾ ਮਿਲੀ ਦਿਲ ਦੀ ਬਿਮਾਰੀ ਤੋਂ ਪੀੜਤ ਸ਼ੁਭਰੀਤ ਨੂੰ ਨਵੀਂ ਜ਼ਿੰਦਗੀ
ਅਸ਼ੋਕ ਵਰਮਾ
ਗੋਨਿਆਣਾ, 18 ਜਨਵਰੀ 2025:ਸਥਾਨਕ ਸੀ.ਐਚ.ਸੀ. ਵਿੱਚ ਤਾਇਨਾਤ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ (ਆਰ.ਬੀ.ਐਸ.ਕੇ) ਦੀ ਟੀਮ ਦੇ ਯਤਨਾਂ ਸਦਕਾ ਪਿੰਡ ਸਿਵੀਆਂ ਦੀ 11 ਸਾਲਾ ਸ਼ੁਭਰੀਤ ਕੌਰ ਦੀ ਜਾਨ ਬਚੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਦੇ ਡਾਕਟਰ ਦਿਨੇਸ਼ ਸੈਣੀ ਅਤੇ ਡਾਕਟਰ ਪੰਕਜ ਕੁਮਾਰ ਨੇ ਦੱਸਿਆ ਕਿ ਸ਼ੁਭਰੀਤ ਕੌਰ ਪੁੱਤਰੀ ਸਤਵੀਰ ਸਿੰਘ ਦੇ ਦਿਲ ਵਿੱਚ 22 ਐਮ.ਐਮ. ਦਾ ਸੁਰਾਖ ਸੀ। ਜਿਸ ਨੂੰ ਉਨ੍ਹਾਂ ਨੇ ਐਸ.ਐਮ.ਓ. ਡਾਕਟਰ ਧੀਰਾ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਇਲਾਜ਼ ਲਈ ਫੌਰਟਿਸ ਹਸਪਤਾਲ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਸ਼ੁਭਰੀਤ ਨੂੰ 18 ਦਸੰਬਰ 2024 ਨੂੰ ਦਾਖਲ ਕਰਵਾਇਆ ਗਿਆ ਸੀ ਅਤੇ 19 ਦਸੰਬਰ ਨੂੰ ਉਸਦਾ ਆਪ੍ਰੇਸ਼ਨ ਹੋ ਗਿਆ ਸੀ।
ਲੜਕੀ ਦੇ ਪਿਤਾ ਸਤਵੀਰ ਸਿੰਘ ਨੇ ਦੱਸਿਆ ਕਿ ਸ਼ੁਭਰੀਤ ਨੂੰ 23 ਦਸੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ। ਉਨ੍ਹਾਂ ਕਿਹਾ ਕਿ ਸ਼ੁਭਰੀਤ ਦਾ ਪੂਰਾ ਇਲਾਜ਼ ਬਿਨ੍ਹਾਂ ਕਿਸੇ ਖਰਚ ਦੇ ਹੋਇਆ। ਉਨ੍ਹਾਂ ਆਰ.ਬੀ.ਐਸ.ਕੇ. ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀ ਬੱਚੀ ਨੂੰ ਨਵਾਂ ਜੀਵਨ ਮਿਲਿਆ ਹੈ।ਇਸ ਮੌਕੇ ਆਰ.ਬੀ.ਐਸ.ਕੇ. ਦੀ ਸਟਾਫ਼ ਨਰਸ ਸਿਮਰਜੀਤ ਕੌਰ, ਸੀ.ਐਚ.ਓ. ਪ੍ਰਭਜੋਤ ਨਨਚਾਹਲ, ਮਲਟੀ ਪਰਪਸ ਹੈਲਥ ਵਰਕਰ ਜੁਝਾਰ ਸਿੰਘ ਆਦਿ ਹਾਜ਼ਰ ਸਨ।