PTC ਦੇ ਐਮਡੀ ਨੂੰ ਮਿਲੀ ਜ਼ਮਾਨਤ, ਚਾਰ ਹੋਰ ਦੋਸ਼ੀਆਂ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ Miss PTC Punjabi ਕੇਸ ਚੋਂ
ਦੀਪਕ ਗਰਗ
ਚੰਡੀਗੜ੍ਹ / ਕੋਟਕਪੂਰਾ : 23 ਮਈ 2022: PTC ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਨੂੰ Miss PTC Punjabi ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬਕਾਇਦਾ ਜ਼ਮਾਨਤ ਮਿਲ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੇ ਚਾਰ ਭਗੌੜੇ ਦੋਸ਼ੀਆਂ ਨੂੰ ਅੰਤਰਿਮ ਜ਼ਮਾਨਤ ਦਾ ਲਾਭ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਹਨ। ਕੇਸ ਵਿੱਚ ਮੁਲਜ਼ਮਾਂ ਵੱਲੋਂ ਵਕੀਲ ਕਨਿਕਾ ਆਹੂਜਾ ਨੇ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਕਰੀਬ 3 ਘੰਟੇ ਇਸ ਮਾਮਲੇ 'ਤੇ ਬਹਿਸ ਹੋਈ। ਇਸ ਆਧਾਰ 'ਤੇ ਅਦਾਲਤ ਨੇ ਲਾਭ ਦਿੱਤਾ ਹੈ।
ਜਿਨ੍ਹਾਂ ਮੁਲਜ਼ਮਾਂ ਨੂੰ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਦਿੱਤੀ ਸੀ, ਉਨ੍ਹਾਂ ਵਿੱਚ ਪੀਟੀਸੀ ਚੈਨਲ ਦੇ ਨਿਰਮਾਤਾ ਨਿਰਦੇਸ਼ਕ ਲਕਸ਼ਮਣ, ਨਿਹਾਰਿਕਾ, ਸਹਾਇਕ ਨਿਰਦੇਸ਼ਕ ਨੈਨਸੀ ਘੁੰਮਣ ਅਤੇ ਉਸ ਦਾ ਪਤੀ ਭੁਪਿੰਦਰਜੀਤ ਸ਼ਾਮਲ ਹਨ।
ਮੀਡਿਆ ਸੂਤਰਾਂ ਮੁਤਾਬਿਕ ਮਾਮਲੇ ਵਿੱਚ ਖਰੜ ਇਲਾਕੇ ਦੀ ਰਹਿਣ ਵਾਲੀ 24 ਸਾਲਾ ਲੜਕੀ ਸ਼ਿਕਾਇਤਕਰਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਨਰਾਇਣ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਪੁਲੀਸ ਨੇ ਮਾਡਲ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੱਖਣਾ, ਛੇੜਛਾੜ, ਅਪਰਾਧਿਕ ਸਾਜ਼ਿਸ਼ ਰਚਣ ਆਦਿ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਉਸ ਦਾ ਦੋ ਦਿਨ ਦਾ ਰਿਮਾਂਡ ਵੀ ਲਿਆ ਗਿਆ।
ਪੀੜਤਾ ਦੇ ਪਿਤਾ ਹਾਈਕੋਰਟ ਪੁੱਜੇ ਸਨ
ਪੀਟੀਸੀ ਚੈਨਲ ਵੱਲੋਂ ਮਿਸ ਪੰਜਾਬਣ ਮੁਕਾਬਲਾ ਕਰਵਾਇਆ ਗਿਆ। ਪੀੜਤਾ ਦੇ ਪਿਤਾ ਨੇ 15 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ। ਇਲਜ਼ਾਮ ਲਗਾਇਆ ਗਿਆ ਕਿ ਦੋਸ਼ੀ ਧਿਰ ਉਸ ਦੀ ਧੀ ਨੂੰ ਕੈਦ ਵਿੱਚ ਰੱਖ ਰਹੀ ਹੈ ਅਤੇ ਉਸਦੀ ਧੀ ਨੂੰ ਨਜਾਇਜ਼ ਲਾਭ ਦੇਣ ਤੋਂ ਇਨਕਾਰ ਕਰਕੇ ਉਸਦਾ ਸ਼ੋਸ਼ਣ ਕਰ ਰਹੀ ਹੈ। ਇਸ ਦੇ ਨਾਲ ਹੀ ਬੇਟੀ ਨੂੰ ਛੱਡਣ ਲਈ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਵਾਰੰਟ ਅਫਸਰ ਨਿਯੁਕਤ ਕਰਨ ਦੇ ਹੁਕਮ ਦਿੱਤੇ ਸਨ।
ਨਰਾਇਣ ਤੋਂ ਇਲਾਵਾ ਮਿਸ ਪੀਟੀਸੀ ਮੁਕਾਬਲੇ ਦੀ ਸਹਾਇਕ ਨਿਰਦੇਸ਼ਕ ਨਿਹਾਰਿਕਾ ਜੈਨ, ਜੇਡੀ ਰੈਜ਼ੀਡੈਂਸੀ ਦੇ ਐਮਡੀ ਭੁਪਿੰਦਰ ਸਿੰਘ ਅਤੇ ਦੋ ਦਰਜਨ ਤੋਂ ਵੱਧ ਹੋਰਾਂ ਨੂੰ ਕੇਸ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਮੁਹਾਲੀ ਪੁਲੀਸ ਨੇ ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕਰਕੇ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਪੀੜਤਾ ਦੇ ਬਿਆਨ 5 ਅਪ੍ਰੈਲ ਨੂੰ ਦਰਜ ਕੀਤੇ ਗਏ ਸਨ।