ਵਿਸ਼ਵ ਭਰ ਦੇ ਪੰਜਾਬੀਆਂ ਅੰਦਰ 'ਚਰਚਿਤ' ਸੀਟ ਬਣਕੇ ਉੱਭਰਿਆ ਵਿਧਾਨ ਸਭਾ ਹਲਕਾ ਅਮਰਗੜ੍ਹ
-ਦੀਪ ਸਿੱਧੂ ਦੀ ਮੌਤ ਤੋਂ ਬਾਅਦ 'ਚ ਬਦਲੇ ਹਲਕੇ ਦੇ ਸਮੀਕਰਣ
ਮੁਹੰਮਦ ਇਸਮਾਈਲ ਏਸ਼ੀਆ ਹਰਮਿੰਦਰ ਭੱਟ
ਕੁੱਪ ਕਲਾਂ, 24 ਫਰਵਰੀ,2022 - ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਦਾ ਕੰਮ 20 ਫਰਵਰੀ ਨੂੰ ਮੁਕੰਮਲ ਹੋ ਕਿ ਸਾਰੇ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਕੇ ਚਰਚਾਵਾ ਦੀਆਂ ਫ਼ਿਜ਼ਾਵਾਂ ਵਿੱਚ ਹੈ । ਇਸ ਵਾਰ ਜਿੱਥੇ ਪੰਜਾਬ ਦੀਆਂ ਕਈ ਵਿਧਾਨ ਸਭਾ ਸੀਟਾਂ ਤੇ ਮੁਕਾਬਲਾ ਬੇਹੱਦ ਸਖ਼ਤ ਵੇਖਣ ਨੂੰ ਮਿਲਿਆ ਉੱਥੇ ਹੀ ਅਮਰਗਡ਼੍ਹ ਦੀ ਸੀਟ ਸਿਆਸਤ ਦੇ ਨਾਲ-ਨਾਲ ਪੰਥਕ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਵਿਦੇਸ਼ਾਂ ਅੰਦਰ ਵੱਸਦੇ ਪੰਜਾਬੀਆਂ ਦੇ ਲਈ ਵੱਕਾਰ ਦਾ ਸੁਆਲ ਬਣੀ ਰਹੀ ਅਤੇ ਉਨ੍ਹਾਂ ਨਾਲੋ-ਨਾਲ ਜਾਣਕਾਰੀਆਂ ਹਾਸਲ ਕੀਤੀਆਂ ।
ਹਲਕਾ ਅਮਰਗੜ੍ਹ ਤੋਂ ਇਸ ਵਾਰ ਆਮ ਆਦਮੀ ਪਾਰਟੀ ਦੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਇਕਬਾਲ ਸਿੰਘ ਝੂੰਦਾਂ, ਪੰਥਕ ਆਗੂ ਸਿਮਰਨਜੀਤ ਸਿੰਘ ਮਾਨ, ਕਾਂਗਰਸ ਦੇ ਸਮਿੱਤ ਸਿੰਘ ਮਾਨ ਅਤੇ ਗੱਠਜੋੜ ਦੇ ਉਮੀਦਵਾਰ ਸਰਦਾਰ ਅਲੀ ਨੇ ਆਪਣੀ ਕਿਸਮਤ ਅਜ਼ਮਾਈ । ਭਾਵੇਂ ਇਹ ਤਾਂ 10 ਮਾਰਚ ਨੂੰ ਨਿਕਲੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵਿਧਾਇਕੀ ਦਾ ਤਾਜ ਕਿਸ ਆਗੂ ਦੇ ਸਿਰ ਤੇ ਸਜਦਾ ਹੈ ਪਰ ਚੋਣ ਮੁਕਾਬਲਾ ਬੇਹੱਦ ਰੌਚਕ ਤੇ ਜਜ਼ਬਾਤੀ ਮਾਹੌਲ ਵਾਲਾ ਬਣਿਆ ਰਿਹਾ । ਚੋਣਾਂ ਦੇ ਸ਼ੁਰੂਆਤੀ ਦਿਨਾਂ ਦੌਰਾਨ ਮੁੱਖ ਮੁਕਾਬਲਾ ਪ੍ਰੋ. ਗੱਜਣਮਾਜਰਾ, ਇਕਬਾਲ ਸਿੰਘ ਝੂੰਦਾਂ ਅਤੇ ਕਾਂਗਰਸ ਦੇ ਸਮਿਤ ਸਿੰਘ ਮਾਨ ਦਰਮਿਆਨ ਸੀ ਪਰ ਫ਼ਿਲਮੀ ਅਦਾਕਾਰ ਦੀਪ ਸਿੰਘ ਸਿੱਧੂ ਦੇ ਚੋਣ ਪ੍ਰਚਾਰ ਵਿੱਚ ਆਉਣ ਅਤੇ ਫਿਰ ਉਸ ਦੀ ਮੌਤ ਦੇ ਤੁਰੰਤ ਬਾਅਦ ਬਦਲੇ ਸਮੀਕਰਨਾਂ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਤ੍ਰੇਲੀਆਂ ਲਿਆ ਦਿੱਤੀਆਂ ।
ਚੋਣ ਪ੍ਰਚਾਰ ਦੇ ਪਿਛਲੇ ਤਿੰਨ ਦਿਨ ਸਾਰੀਆਂ ਹੀ ਰਾਜਨੀਤਕ ਧਿਰਾਂ ਉਂਗਲਾਂ ਮੂੰਹ ਵਿੱਚ ਪਾ ਕੇ ਸੋਚਦੀਆਂ ਰਹੀਆਂ ਕਿ ਹਲਕੇ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਹਨ । ਮੀਡੀਏ ਦੇ ਇਕ ਹਿੱਸੇ ਤੋਂ ਲੈ ਕੇ ਵਿਸ਼ਵ ਭਰ ਵਿੱਚ ਵਸਦੀਆਂ ਜਥੇਬੰਦੀਆਂ ਵੱਲੋਂ ਹਲਕਾ ਅਮਰਗਡ਼੍ਹ ਦੇ ਵੋਟਰਾਂ ਨੂੰ 'ਅਣਖ' ਦੇ ਨਾਂ ਤੇ ਅਪੀਲ ਕੀਤੀ ਜਾਣ ਲੱਗੀ । ਵੇਖਦੇ ਹੀ ਵੇਖਦੇ ਚੋਣ ਮੁਹਾਣ ਬਦਲਣ ਲੱਗਿਆ ਅਤੇ ਲਗਪਗ ਸਾਰੀਆਂ ਹੀ ਸਿਆਸੀ ਧਿਰਾਂ ਦੇ ਵੋਟਰ ਵੱਡੀ ਗਿਣਤੀ ਵਿਚ ਸਿਮਰਨਜੀਤ ਸਿੰਘ ਮਾਨ ਦੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ । ਜਿਹੜੇ ਸਿਆਸੀ ਪੰਡਤ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਮੁਕਾਬਲੇ ਵਿਚੋ ਬਾਹਰ ਦੱਸ ਰਹੇ ਸਨ ਉਨ੍ਹਾਂ ਹੀ ਮਾਨ ਦੀ ਫਡ਼ੀ ਰਫ਼ਤਾਰ ਨੂੰ ਵੇਖ ਕੇ ਅਚਾਨਕ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਮੁਕਾਬਲਾ 'ਬਾਲਟੀ ਅਤੇ ਝਾੜੂ' ਦਰਮਿਆਨ ਹੈ ।
ਕਿਉਂਕਿ ਸਿਆਸੀ ਪੰਡਿਤਾਂ ਦਾ ਤਰਕ ਹੈ ਕਿ ਚੋਣਾਂ ਤੋਂ ਪਹਿਲਾਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਧੜੇ ਤੋਂ ਖਫ਼ਾ ਵੱਡੀ ਗਿਣਤੀ ਵਿੱਚ ਕਾਗਰਸੀ ਅਤੇ ਬਦਲਾਅ ਚਾਹੁੰਦੀ ਵੋਟ ਪ੍ਰੋ. ਗੱਜਣਮਾਜਰਾ ਦੇ ਪਾਲ਼ੇ ਵਿੱਚ ਆਉਣ ਕਰਕੇ ਉਨ੍ਹਾਂ ਦਾ 'ਵੋਟ ਗਰਾਫ਼' ਇਕਦਮ ਉੱਛਲ ਕੇ ਉਚਾਈ ਵਿੱਚ ਪਹੁੰਚ ਚੁੱਕਿਆ ਸੀ ਅਤੇ ਅਕਾਲੀ ਦਲ ਦੀ ਵੋਟ ਦਾ ਕਾਫ਼ੀ ਹਿੱਸਾ ਸਿਮਰਨਜੀਤ ਸਿੰਘ ਮਾਨ ਵੱਲ ਖਿਸਕ ਰਿਹਾ ਸੀ ਜਿਸ ਕਰਕੇ ਸਿਆਸੀ ਪੰਡਤ ਮੁਖ ਮੁਕਾਬਲਾ ਮਾਨ ਅਤੇ ਪ੍ਰੋ. ਗੱਜਣਮਾਜਰਾ ਵਿਚਕਾਰ ਦੱਸ ਰਹੇ ਹਨ । ਕੁਝ ਵੀ ਹੋਵੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸਤਬੀਰ ਸਿੰਘ ਸੀਰਾ ਬਨਭੌਰਾ ਵੱਲੋਂ ਦਿੱਤੀ ਹਮਾਇਤ ਦੇ ਚੱਲਦਿਆਂ ਸਿਮਰਨਜੀਤ ਸਿੰਘ ਮਾਨ ਨੇ ਸਾਰੀਆਂ ਹੀ ਸਿਆਸੀ ਧਿਰਾਂ ਦੀ ਵੱਡੀ ਗਿਣਤੀ ਵਿੱਚ ਵੋਟ ਨੂੰ ਤੋਡ਼ ਕੇ ਆਪਣੇ ਪਾਲੇ ਵਿੱਚ ਲਿਆ ਕੇ ਖੜ੍ਹਾ ਜ਼ਰੂਰ ਕਰ ਦਿੱਤਾ । ਇਸ ਸਾਰੇ ਸਿਆਸੀ ਵਰਤਾਰੇ ਦੌਰਾਨ ਕਾਂਗਰਸ ਨੂੰ ਨੁਕਸਾਨ ਜ਼ਰੂਰ ਘੱਟ ਵੇਖਿਆ ਗਿਆ ।
ਬਦਲੇ ਹਾਲਾਤਾਂ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਇਸ ਗੱਲੋਂ ਖੁਸ਼ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਦੀ ਵੋਟ ਨੂੰ ਜ਼ਿਆਦਾ ਸੰਨ੍ਹ ਲਾਈ ਹੈ ਅਤੇ ਕਾਂਗਰਸ ਪਹਿਲਾਂ ਹੀ ਕਮਜ਼ੋਰ ਸੀ ਅਤੇ ਇਸ ਤੋਂ ਇਲਾਵਾ 2 ਸ਼ਹਿਰਾਂ ਅੰਦਰ ਵੀ ਮਾਨ ਦਲ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਇਸ ਕਰਕੇ ਉਨ੍ਹਾਂ ਦੀ ਜਿੱਤ ਯਕੀਨੀ ਹੈ ਪਰ ਮਾਨ ਦਲ ਦੇ ਵਰਕਰ ਇਸ ਕਰਕੇ ਖੁਸ਼ੀ ਦੇ ਆਲਮ ਵਿੱਚ ਹਨ ਕਿ ਉਨ੍ਹਾਂ ਨੇ ਸਾਰੇ ਹੀ ਭਾਈਚਾਰਿਆਂ ਦੀ ਪਿੰਡਾਂ ਅੰਦਰੋਂ ਰਿਕਾਰਡ ਤੋਡ਼ ਵੋਟ ਹਾਸਲ ਕੀਤੀ ਹੈ । ਕਾਂਗਰਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਵੋਟ ਤੇ ਸਿਮਰਨਜੀਤ ਸਿੰਘ ਮਾਨ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ । ਅਕਾਲੀ ਦਲ ਆਪਣੇ ਰਵਾਇਤੀ ਵੋਟ ਬੈਂਕ ਅਤੇ ਬਾਕੀ ਉਮੀਦਵਾਰਾਂ ਦੀ ਵੋਟ ਵੰਡੇ ਜਾਣ ਦੇ ਸਿਰ ਤੇ ਆਸਵੰਦ ਹੈ । ਕੁਝ ਵੀ ਹੋਵੇ ਇਹ ਤਾਂ ਪਤਾ 10 ਮਾਰਚ ਨੂੰ ਚੋਣ ਨਤੀਜਿਆਂ ਤੋਂ ਹੀ ਲੱਗੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ ਪਰ ਵਿਧਾਨ ਸਭਾ ਹਲਕਾ ਅਮਰਗੜ੍ਹ ਪੂਰੀ ਦੁਨੀਆਂ ਦੇ ਪੰਜਾਬੀਆਂ ਅਤੇ ਪੰਥਕ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣਿਆ ਰਿਹਾ ।