10 ਮਾਰਚ ਨੂੰ ਜ਼ਿਲ੍ਹਾ ਸੰਗਰੂਰ ਤੇ ਮਲੇਰਕੋਟਲਾ ਦੇ 7 ਹਲਕਿਆਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ
-ਅਖੇ ਉਮੀਦਵਾਰਾ ਦੇ ਦਿਲ ਹੋਇਆ ਧੱਕ ਧੱਕ
ਮੁਹੰਮਦ ਇਸਮਾਈਲ ਏਸ਼ੀਆ /ਹਰਮਿੰਦਰ ਭੱਟ
ਮਾਲੇਰਕੋਟਲਾ 9 ਮਾਰਚ ,2022 - ਲੋਕ ਸਭਾ ਹਲਕਾ ਸੰਗਰੂਰ ਵਿਚ ਪੈਂਦੇ ਤਿੰਨ ਵਿਚੋਂ ਦੋ ਜ਼ਿਲਿ੍ਆ ਸੰਗਰੂਰ ਅਤੇ ਮਲੇਰਕੋਟਲਾ ਦੇ 7 ਹਲਕਿਆਂ ਵਿਚੋਂ ਇਸ ਵਾਰ ਇਕ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, 2 ਮੌਜੂਦਾ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਰਜੀਆ ਸੁਲਤਾਨਾ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, 4 ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਨੁਸਰਤ ਇਕਰਾਮ ਖਾਨ ਬੱਗਾ, ਪਰਮਿੰਦਰ ਸਿੰਘ ਢੀਂਡਸਾ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਚੋਣ ਮੈਦਾਨ ਵਿਚ ਹਨ |
ਇਨ੍ਹਾਂ ਦੋਨਾਂ ਜ਼ਿਲਿ੍ਆਂ ਵਿਚ 82 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਵੋਟਰਾਂ ਨੇ 20 ਫਰਵਰੀ ਨੰੂ ਆਪਣਾ ਫਤਵਾ ਦੇ ਦਿੱਤਾ ਸੀ ਅਤੇ 10 ਮਾਰਚ ਨੰੂ ਹੋਣ ਵਾਲੇ ਐਲਾਨ ਵੱਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ | ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਇਨ੍ਹਾਂ 7 ਹਲਕਿਆਂ ਦੀ ਗਿਣਤੀ ਧੂਰੀ ਲਾਗੇ ਦੇਸ਼ ਭਗਤ ਕਾਲਜ ਬਰੜਵਾਲ ਵਿਚ ਕਰਨ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ |
ਉਨ੍ਹਾਂ ਦੱਸਿਆ ਕਿ ਇਹ ਕਾਲਜ ਧੂਰੀ-ਮਲੇਰਕੋਟਲਾ ਮੁੱਖ ਮਾਰਗ ਉੱਤੇ ਹੈ ਪਰ ਇਸ ਦੇ ਬਾਵਜੂਦ ਸੜਕੀ ਆਵਾਜਾਈ ਵਿਚ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਨਾ ਹੀ ਆਵਾਜਾਈ ਨੰੂ ਕਿਸੇ ਹੋਰ ਸੜਕ ਰਾਹੀਂ ਚਲਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਦੇਸ਼ ਭਗਤ ਕਾਲਜ ਅਤੇ ਦੇਸ਼ ਭਗਤ ਸਕੂਲ ਦੇ ਖੁੱਲ੍ਹੇ ਗਰਾਊਾਡਾਂ ਵਿਚ ਗੱਡੀਆਂ ਖੜ੍ਹੀਆਂ ਕਰਨ ਦੀ ਪੂਰੀ ਸਹੂਲਤ ਹੈ ਜਿਸ ਕਾਰਨ ਬਾਹਰ ਸੜਕ ਉੱਤੇ ਕੋਈ ਗੱਡੀ ਖੜ੍ਹੀ ਕਰਨ ਦੀ ਲੋੜ ਹੀ ਨਹੀਂ ਪੈਣੀ | ਉਨ੍ਹਾਂ ਦੱਸਿਆ ਕਿ ਇਸ ਵਾਰ ਮੀਡੀਆ ਕਰਮੀਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਵੀ ਸਕੂਲ ਵਿਚ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ |