ਨਵਾਂਸ਼ਹਿਰ: ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ 10 ਮਾਰਚ ਨੂੰ ਜ਼ਿਲ੍ਹੇ ’ਚ ਡਰਾਈ ਡੇਅ ਐਲਾਨਿਆ
- ਠੇਕਿਆਂ, ਪਬ, ਬਾਰ, ਬੀਅਰ ਬਾਰ, ਹਾਰਡ ਬਾਰ, ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਵਿੱਚ ਸ਼ਰਾਬ ਵੇਚਣ ਅਤੇ ਵਰਤੋਂ ’ਤੇ ਪਾਬੰਦੀ
ਨਵਾਂਸ਼ਹਿਰ, 8 ਮਾਰਚ 2022 - ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਡਰਾਈ ਡੇਅ ਘੋਸ਼ਿਤ ਕੀਤਾ ਹੈ।
ਪੰਜਾਬ ਆਬਕਾਰੀ ਐਕਟ ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਇਸ ਦਿਨ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਖੋਲ੍ਹਣ, ਵੇਚਣ ਅਤੇ ਸਟੋਰ ਕਰਨ ’ਤੇ ਪੂਰਣ ਪਾਬੰਦੀ ਲਗਾਈ ਹੈ।
ਇਸ ਤੋਂ ਇਲਾਵਾ ਡਰਾਈ ਡੇਅ ਦੇ ਹੁਕਮ ਜ਼ਿਲ੍ਹੇ ’ਚ ਸਥਿਤ ਸਮੂਹ ਪਬ, ਬਾਰ, ਬੀਅਰ ਬਾਰ, ਹਾਰਡ ਬਾਰ, ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਅਤੇ ਹੋਰ ਉਨ੍ਹਾਂ ਸਥਾਨਾਂ ਜਿੱਥੇ ਸ਼ਰਾਬ ਵੇਚਣ ਅਤੇ ਪਿਲਾਉਣ ਦੀ ਕਾਨੂੰਨੀ ਤੌਰ ’ਤੇ ਇਜ਼ਾਜ਼ਤ ਹੈ, ’ਤੇ ਵੀ ਲਾਗੂ ਹੋਣਗੇ।