ਭਗਵੰਤ ਮਾਨ ਨੇ ਪਟਿਆਲਾ 'ਚ 'ਸਟ੍ਰਾਂਗ ਰੂਮ' ਦਾ ਲਿਆ ਜਾਇਜ਼ਾ
- 'ਆਪ' ਆਗੂਆਂ ਤੇ ਵਰਕਰਾਂ ਨਾਲ ਕੀਤੀ ਬੈਠਕ, ਈਵੀਐਮ ਦੀ ਸੁਰੱਖਿਆ ਅਤੇ ਗਿਣਤੀ ਪ੍ਰਬੰਧਾਂ ਬਾਰੇ ਲਈ ਜਾਣਕਾਰੀ
ਜਗਤਾਰ ਸਿੰਘ
ਪਟਿਆਲਾ 9 ਮਾਰਚ 2022 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਟਿਆਲਾ ਦੇ ਮਹਿੰਦਰਾ ਕਾਲਜ ਵਿੱਚ ਸਥਿਤ ਸਟ੍ਰਾਂਗ ਰੂਮ ਦਾ ਦੌਰਾ ਕੀਤਾ ਅਤੇ ਈਵੀਐਮ ਦੀ ਸੁਰੱਖਿਆ ਸਮੇਤ ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ।
ਭਗਵੰਤ ਮਾਨ ਨੇ ਸਟ੍ਰਾਂਗ ਰੂਮ ਦੀ ਦੇਖਰੇਖ ਵਿੱਚ ਬੈਠੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਸਟ੍ਰਾਂਗ ਰੂਮ ਦੀ ਸੁਰੱਖਿਆ ਵਿਵਸਥਾ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ 'ਤੇ ਚਰਚਾ ਕੀਤੀ ਅਤੇ ਵਰਕਰਾਂ ਨੂੰ ਅਗਲੇ 24 ਘੰਟੇ ਡਟ ਕੇ ਰਹਿਣ ਦੀ ਅਪੀਲ ਵੀ ਕੀਤੀ। ਮਾਨ ਨੇ 'ਆਪ' ਵਰਕਰਾਂ ਨੂੰ ਕਿਹਾ ਕਿ ਉਨਾਂ ਦੀ ਸਾਲਾਂ ਦੀ ਮਿਹਨਤ ਸਫ਼ਲ ਹੋਣ ਵਾਲੀ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਪੱਕੀ ਹੈ ।