ਪੰਜਾਬ ਚੋਣਾਂ: ਲੱਖ ਰੁਪਏ ਦਾ ਸਵਾਲ ਬਠਿੰਡੇ ਤੋਂ ਕੌਣ ਜਿੱਤੂ
ਅਸ਼ੋਕ ਵਰਮਾ
ਬਠਿੰਡਾ, 22ਫਰਵਰੀ 2022: ਹਰ ਗਲੀ ਮੁਹੱਲੇ ਤੇ ਹੱਟੀ ਭੱਠੀ ਇੱਕੋ ਹੀ ਸੁਆਲ ਹੈ ਬਠਿੰਡੇ ਤੋਂ ਕੌਣ ਜਿੱਤੂ। ਵੋਟਾਂ ਅਮਨ ਅਮਾਨ ਨਾਲ ਭੁਗਤ ਗਈਆਂ ਹਨ। ਹੁਣ ਪੁੱਛਿਆ ਜਾ ਰਿਹਾ ਹੈ ਹਵਾ ਦਾ ਰੁਖ ਕੀਹਦੇ ਵੱਲ ਹੈ। ਵੋਟਾਂ ਦੀ ਗਿਣਤੀ ਬਾਕੀ ਹੈ ਜੋ ਨਿਤਾਰਾ ਕਰੇਗੀ। ਕੋਈ ਦੱਸਦਾ ਹੈ ਕਿ ਬਾਦਲ ਦਾ ਸਿਆਸੀ ਗੱਡਾ ਚਿੱਕੜ ’ਚ ਫਸਿਆ ਜਾਪਦਾ ਹੈ। ਭਗਵਾ ਮੋਢਾ ਹੋਣ ਦੇ ਬਾਵਜੂਦ ਰਾਜ ਨੰਬਰਦਾਰ ਨੂੰ ਵੀ ਧੜਕੂ ਲੱਗਾ ਹੋਇਆ ਹੈ। ਡੇਰਾ ਸਿਰਸਾ ਵੱਲੋਂ ਤੱਕੜੀ ’ਚ ਵੱਟੇ ਪਾਉਣ ਦੇ ਬਾਵਜੂਦ ਚਿੱਤ ਸਰੂਪ ਸਿੰਗਲਾ ਦਾ ਵੀ ਘਾਊਂ ਮਾਊਂ ਕਰ ਰਿਹਾ ਹੈ। ਮਨਪ੍ਰੀਤ ਬਾਦਲ ਨਾਲੋਂ ਪ੍ਰੀਤ ਤੋੜਨ ਤੋਂ ਬਾਅਦ ਮੈਦਾਨ ’ਚ ਨਿੱਤਰੇ ਜਗਰੂਪ ਗਿੱਲ ਨੂੰ ਵੀ ਡਰ ਹੈ ਕਿ ਕਿਧਰੇ ‘ਗਿੱਲ’ ਹੀ ਨਾਂ ਗਲ ਜਾਏ।
ਤਾਸ਼ ਦੀ ਬਾਜੀ ’ਚ ਰੁੱਝੇ ਸਿਆਸੀ ਮਾਹਿਰ ਆਖਦੇ ਹਨ ਕਿ ਜਗਰੂਪ ਗਿੱਲ ਬਾਕੀਆਂ ਤੇ ਕਿੰਨਾ ਭਾਰੀ ਪਵੇਗਾ ਇਸ ਤੇ ਕਾਫੀ ਕੁੱਝ ਨਿਰਭਰ ਕਰਦਾ ਹੈ। ਇੰਨ੍ਹਾਂ ਲੋਕਾਂ ਨੇ ਕਿਹਾ ਕਿ ਬਠਿੰਡੇ ਨੇ ਜਿਤਾ ਕੇ ਵਜ਼ੀਰੀ ਤਾਂ ਵੱਡੀ ਦਿਵਾਈ ਸੀ ਪਰ ਵਜ਼ੀਰ ਅਤੇ ਉਸ ਦੇ ਲਫਟੈਣਾਂ ਨੇ ਗੰਢੇ ਗਾਲ ਦਿੱਤੇ ਹਨ। ਦੂਜੇ ਪਾਸੇ ਕਾਂਗਰਸੀ ਆਗੂਆਂ ਦਾ ਦਾਅਵਾ ਹੈ ਕਿ ਬਠਿੰਡਾ ’ਚ ਹੋਇਆ ਵਿਕਾਸ ਵਿਰੋਧੀਆਂ ਦੇ ਪੱਬ ਨਹੀਂ ਲੱਗਣ ਦੇ ਰਿਹਾ ਹੈ। ਵੋਟਾਂ ਦਾ ਅਮਲ ਨਿਬੜਨ ਤੋਂ ਦੂਸਰੇ ਦਿਨ ਦੀਆਂ ਇਹ ਸਿਆਸੀ ਗਿਣਤੀਆਂ ਮਿਣਤੀਆਂ ਹਨ ਜਿਨ੍ਹਾਂ ਤਹਿਤ ਹਰ ਉਮੀਦਵਾਰ ਦਾ ਸਮਰਥਕ ਇਹੋ ਆਖਦਾ ਹੈ ਕਿ ਹੁਣ ਤਾਂ ਜਿੱਤ ’ਚ ਫਰਕ ਸੂਤਾਂ ਦੀ ਨਹੀਂ ਰਹਿ ਗਿਆ ਹੈ ।
ਦੂਜੇ ਪਾਸੇ ਵਿਰੋਧੀ ਇਸ ਨੂੰ ਮੀਟਰਾਂ ਦਾ ਅੰਤਰ ਦੱਸਦੇ ਹਨ। ਜਿਸ ਤਰਾਂ ਦੀ ਚੋਣ ਜੰਗ ਚੱਲੀ ਹੈ ਦਾਅਵੇ ਨਾਲ ਕੋਈ ਵੀ ਨਹੀਂ ਕਹਿ ਰਿਹਾ ਕਿ ‘ਫਲਾਣੇ ’ ਦੀ ਜਿੱਤ ਦੇ ਢੋਲ ਵੱਜਣ ਵਾਲੇ ਹਨ। ਸ਼ਹਿਰ ਦੀਆਂ ਦੁਕਾਨਾਂ ਅਤੇ ਵੱਡੇ ਵੱਡੇ ਸ਼ੋਅਰੂਮਾਂ ਤੇ ਬਠਿੰਡਾ ਜਿੱਤ ਦੀ ਚਰਚਾ ਤਾਂ ਹਰ ਵਕਤ ਹੋ ਰਹੀ ਹੈ। ਜਦੋਂ ਕੋਈ ਓਪਰਾ ਨਜ਼ਰ ਆਉਂਦਾ ਹੈ ਤਾਂ ਬੁੱਲ੍ਹ ਸੀਤੇ ਜਾਂਦੇ ਹਨ। ਵੋਟਰਾਂ ਦੀ ਇਹੋ ਚੁੱਪ ਸਿਆਸੀ ਸ਼ੇਰਾਂ ਨੂੰ ਵੱਢ ਵੱਖ ਖਾਣ ਲੱਗੀ ਹੈ। ਗਿਣਤੀ ਦਾ ਦਿਨ ਦੂਰ ਹੋਣ ਕਰਕੇ ਦਿਲ ਕਿਸੇ ਦਾ ਵੀ ਨਹੀਂ ਲੱਗ ਰਿਹਾ ਹੈ। ਉਂਜ ਜਨਤਕ ਤੌਰ ਤੇ ਬੜ੍ਹਕਾਂ ਮਾਰਨ ਵਾਲਿਆਂ ਦੀ ਕੋਈ ਕਮੀ ਨਹੀਂ। ਅਜਿਹੇ ਲੋਕ ਡੰਕੇ ਦੀ ਚੋਟ ਤੇ ਆਖਦੇ ਹਨ ਕਿ ਝਾੜੂ ਫਿਰ ਗਿਆ ਹੈ।
ਮਨਪ੍ਰੀਤ ਬਾਦਲ ਦੇ ਹੱਕ ’ਚ ਬੋਲਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਕੋਈ ਆਖਦਾ ਹੈ ਕਿ ਬਠਿੰਡਾ ਤਾਂ ਤੱਕੜੀ ’ਚ ਤੁਲ ਗਿਆ ਹੈ। ਕਮਲ ਦੇ ਫੁੱਲ ਵਾਲੇ ਆਖਦੇ ਹਨ ਕਿ ਨੰਬਰਦਾਰੀ ਤਾਂ ਰਾਜ ਦੇ ਹੱਥ ਹੈ। ਫਿਰ ਵੀ ਕਾਂਗਰਸ ,ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਾਕਤ ਝੋਕਣ ਦੇ ਬਾਵਜੂਦ ਆਗੂਆਂ ਵਿੱਚ ਬੇਚੈਨੀ ਦਾ ਆਲਮ ਹੈ। ਸੰਯੁਕਤ ਕਿਸਾਨ ਮੋਰਚਾ ਨੇ ਬਠਿੰਡਾ ’ਚ ਬਹੁਤਾ ਦਮਖਮ ਤਾਂ ਨਹੀਂ ਦਿਖਾਇਆ ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਫਸਲੇ ਮੁਕਾਬਲੇ ਦੌਰਾਨ ਮੋਰਚੇ ਦੇ ਉਮੀਦਵਾਰ ਨੂੰ ਪਈਆਂ ਵੋਟਾਂ ਕਾਰਨ ਕਿਸੇ ਨਾਂ ਕਿਸੇ ਦਿੱਗਜ਼ ਦੀ ਬੁਲੰਦੀ ਢਹਿ ਢੇਰੀ ਹੋ ਸਕਦੀ ਹੈ।
ਮਹੱਤਵਪੂਰਨ ਤੱਥ ਹੈ ਕਿ ਸਿਆਸੀ ਤੌਰ ਤੇ ਅਹਿਮ ਇੰਨ੍ਹਾਂ ਚੋਣਾਂ ‘ਚ ਸ਼ਹਿਰ ਦੀ ਲਗਾਤਾਰ ਮਹੀਨੇ ਤੋਂ ਵੱਧ ‘ਖ਼ਾਕ ਛਾਣਨ’ ਮਗਰੋਂ ਕੋਈ ਵੀ ਨੇਤਾ ਲੋਕਾਂ ਦੇ ਦਿਲ ਦੀ ਗੱਲ ਬੁੱਝਣ ’ਚ ਸਫਲ ਨਹੀਂ ਹੋ ਸਕਿਆ । ਕੱਟੜ ਸਮਰਥਕਾਂ ਤੋਂ ਸਿਵਾਏ ਸ਼ਹਿਰੀ ਵੋਟਰ ਆਪਣੇ ਮਨ ਦੀ ਗੱਲ ਦੱਸਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ। ਹਾਲਾਂਕਿ ਸਾਰੀਆਂ ਹੀ ਸਿਆਸੀ ਧਿਰਾਂ ਦੀ ਲੀਡਰਸ਼ਿਪ ਅਤੇ ਉਮੀਦਵਾਰ ਆਪੋ ਆਪਣੀ ਜਿੱਤ ਪ੍ਰਤੀ ਆਸਵੰਦ ਹਨ ਪਰ ਇਸ ਵਾਰ ਤਬਦੀਲੀ ਦੇ ਹੱਕ ’ਚ ਚੱਲੀ ਹਵਾ,ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਸਾਹਮਣੇ ਆਏ ਭਾਜਪਾ ਦੇ ਅਣਕਿਆਸੇ ਉਭਾਰ , ਸ਼ਹਿਰ ’ਚ ਹੋਈਆਂ ਵੱਡੇ ਪੱਧਰ ਤੇ ਦਲਬਦਲੀਆਂ ਅਤੇ ਵੋਟਰਾਂ ਦੀ ਭੇਦ ਭਰੀ ਚੁੱਪ ਕਾਰਨ ਨਤੀਜੇ ਹੈਰਾਨੀਜਨਕ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।
ਰੌਚਕ ਪਹਿਲੂ ਹੈ ਕਿ ਐਤਕੀਂ ਵੋਟ ਦਾ ਵੱਡਾ ਮੁੱਲ ਪੈਣ ਦੀ ਗੱਲ ਵੀ ਆਖੀ ਜਾ ਰਹੀ ਹੈ ਜੋ ਨਤੀਜਾ ਬਦਲ ਸਕਦੀ ਹੈ। ਡੇਰਾ ਫੈਕਟਰ ਵੀ ਲੋਕਾਂ ਦੀ ਜੁਬਾਨ ਤੇ ਚੜ੍ਹਿਆ ਹੋਇਆ ਹੈ। ਡੇਰਾ ਪੈਰੋਕਾਰ ਕਾਂਗਰਸ ਦੇ ਰਾਜ ’ਚ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਦੀ ਗੱਲ ਕਰਦੇ ਹਨ । ਉਨ੍ਹਾਂ ਵੱਲੋਂ ਵੋਟਾਂ ਦਰਮਿਆਨ ਏਕਤਾ ਦੀ ਤਾਕਤ ਵੀ ਸਮਝਾਈ ਜਾ ਰਹੀ ਹੈ। ਡੇਰਾ ਸਿਰਸਾ ਦੀ ਹਮਾਇਤ ਦਾ ਵੀ ਭੰਬਲਭੂਸਾ ਬਣਿਆ ਰਿਹਾ ਜਿਸ ਨੇ ਨਤੀਜਿਆਂ ਦੀ ਤਾਣੀ ਨੂੰ ਉਲਝਾਇਆ ਹੋਇਆ ਹੈ। ਬਠਿੰਡਾ ਹਲਕੇ ਦੇ ਰੁਝਾਨ ਬਾਰੇ ਪੁੱਛੇ ਜਾਣ ਤੇ ਧੋਬੀ ਬਜ਼ਾਰ ਦੇ ਦੁਕਾਨਦਾਰਾਂ ਨੇ ਸ਼ਹਿਰ ਹਾਲਾਤਾਂ ਬਾਰੇ ਤਾਂ ਬੇਬਾਕ ਗੱਲ ਕੀਤੀ ਪਰ ਵੋਟਾਂ ਪਾਉਣ ਬਾਰੇ ਪੁੱਛੇ ਜਾਣ ਬਾਰੇ ਕੱੁਝ ਵੀ ਕਹਿਣ ਤੋਂ ਪਾਸਾ ਵੱਟ ਲਿਆ।
ਇੱਕ ਕਾਰੋਬਾਰੀ ਦਾ ਪ੍ਰਤੀਕਰਮ ਸੀ ਕਿ ਸਰਿਆਂ ਨੂੰ ਅਜਮਾਕੇ ਦੇਖ ਲਿਆ ਹੈ ਫਰਕ ਕਿਸੇ ’ਚ ਕੋਈ ਨਹੀਂ ਹੈ। ਸਿਰਕੀ ਬਜ਼ਾਰ ਦੇ ਦੁਕਾਨਦਾਰਾਂ ਨੂੰ ਪੁੱਛਿਆ ‘ਜਿੱਤੇਗਾ ਕੌਣ ਅੱਗਿਓਂ ਟਿੱਚਰ ਵਰਗਾ ਜਵਾਬ ਸੀ ਜੀਹਨੂੰ ਵੱਧ ਵੋਟਾਂ ਪਈਆਂ ਹਨ। ਅਜਿਹੇ ਹਾਲਾਤਾਂ ਦੌਰਾਨ ਪ੍ਰਚਾਰ ਦੇ ਸ਼ੋਰ ਸ਼ਰਾਬੇ ਤੋਂ ਤਾਂ ਨਿਜ਼ਾਤ ਮਿਲੀ ਹੈ ਪਰ ਲੀਡਰਾਂ ਹੀ ਨਹੀਂ ਬਲਕਿ ਵੋਟਰਾਂ ਦੇ ਦਿਲ ਦੀਆਂ ਧੜਕਣਾਂ ਹਾਲੇ 15 ਦਿਨ ਤੇਜ਼ ਰਹਿਣਗੀਆਂ।