ਉਦਯੋਗ-ਵਪਾਰ ਵਧਾਉਣ ਲਈ 'ਰੇਡ ਰਾਜ' ਅਤੇ ਨਜਾਇਜ਼ ਟੈਕਸ ਖਤਮ ਕਰਾਂਗੇ - ਕੇਜਰੀਵਾਲ
...ਹਰ ਖੇਤਰ ਦੇ ਵਪਾਰੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੀ ਅਗਵਾਈ 'ਚ ਇੱਕ ਸਰਕਾਰੀ ਸੰਸਥਾ ਬਣਾਵਾਂਗੇ, ਤੁਰੰਤ ਹੋਵੇਗਾ ਹੱਲ- ਅਰਵਿੰਦ ਕੇਜਰੀਵਾਲ
...ਪੰਜਾਬ ਨੂੰ ਦੇਵਾਂਗੇ ਇਮਾਨਦਾਰ ਸਰਕਾਰ, ਬਣਾਵਾਂਗੇ ਭ੍ਰਿਸ਼ਟਾਚਾਰ ਤੇ ਨਸ਼ਾ ਮੁਕਤ ਪੰਜਾਬ - ਅਰਵਿੰਦ ਕੇਜਰੀਵਾਲ
...ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਉਪਰ - ਅਰਵਿੰਦ ਕੇਜਰੀਵਾਲ
...ਪੰਜਾਬ ਅਤੇ ਪੰਜਾਬੀਆਂ ਦੀ ਸੁਰੱਖਿਆ ਦੇ ਮੁੱਦੇ 'ਤੇ ਕੋਈ ਰਾਜਨੀਤੀ ਨਹੀਂ ਹੋਵੇਗੀ, ਜੇਕਰ ਇਸਦੇ ਲਈ ਕੇਂਦਰ ਅੱਗੇ ਝੁਕਣਾ ਪਿਆ ਤਾਂ ਝੁਕਾਂਗੇ- ਅਰਵਿੰਦ ਕੇਜਰੀਵਾਲ
...ਧੂਰੀ 'ਚ ਵਪਾਰੀਆਂ-ਕਾਰੋਬਾਰੀਆਂ ਤੇ ਆੜ੍ਹਤੀਆਂ ਨੂੰ ਮਿਲੇ ਕੇਜਰੀਵਾਲ, ਸੁਣੀਆਂ ਸਮੱਸਿਆਵਾਂ
ਸੰਗਰੂਰ/ਚੰਡੀਗੜ੍ਹ, 15 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਦੇ ਸਾਰੇ ਲੋਕ, ਭਾਵੇਂ ਕਿਸੀ ਵੀ ਜਾਤ ਜਾਂ ਧਰਮ ਦੇ ਹੋਣ, ਭਰੋਸਾ ਦਿੰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਸਾਰੇ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਪੰਜਾਬ ਅਤੇ ਪੰਜਾਬੀਆਂ ਦੀ ਸੁਰੱਖਿਆ ਦੇ ਮੁੱਦੇ 'ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣ ਦੇਵਾਂਗੇ। ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਲੋਕਾਂ ਦੀ ਸੁਰੱਖਿਆ ਸਾਡੇ ਹਉਮੈ ਤੋਂ ਉੱਪਰ ਹੈ। ਜੇਕਰ ਸਾਨੂੰ ਇਸਦੇ ਲਈ ਕੇਂਦਰ ਸਰਕਾਰ ਜਾਂ ਕਿਸੇ ਹੋਰ ਅੱਗੇ ਝੁਕਣਾ ਪਿਆ ਤਾਂ ਅਸੀਂ ਨਿਮਰਤਾ ਨਾਲ ਝੁਕਾਂਗੇ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ।
ਮੰਗਲਵਾਰ ਨੂੰ ਕੇਜਰੀਵਾਲ ਪਾਰਟੀ ਦੇ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਪਹੁੰਚੇ। ਇੱਥੇ ਉਨ੍ਹਾਂ ਧੂਰੀ ਅਤੇ ਆਸਪਾਸ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਜਨ ਸਭਾ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣ ਲਈ ਸਿਰਫ਼ ਇਮਾਨਦਾਰ ਸਰਕਾਰ ਦੀ ਲੋੜ ਹੈ। ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਵਿੱਚ ਪੁਲੀਸ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ਪੈਸੇ ਲੈ ਕੇ ਹੁੰਦੇ ਸਨ। ਲੱਖਾਂ ਰੁਪਏ ਦੇ ਕੇ ਜਿਸ ਦੀ ਪੋਸਟਿੰਗ ਹੋਵੇਗੀ, ਉਹ ਤਾਂ ਫਿਰ ਚਿੱਟਾ ਹੀ ਵਿਕਵਾਏਗਾ। ਪੈਸਿਆਂ 'ਤੇ ਟਰਾਂਸਫਰ ਪੋਸਟਿੰਗ ਹੋਣ ਕਾਰਨ ਸਰਹੱਦ ਪਾਰ ਤੋਂ ਪੰਜਾਬ 'ਚ ਨਸ਼ੇ ਦੀ ਤਸਕਰੀ ਹੁੰਦੀ ਹੈ। ਅਸੀਂ ਪੰਜਾਬ ਨੂੰ ਇਮਾਨਦਾਰ ਸਰਕਾਰ ਦੇਵਾਂਗੇ। ਪੈਸੇ ਲੈ ਕੇ ਟਰਾਂਸਫਰ-ਪੋਸਟਿੰਗ ਦੀ ਰਵਾਇਤ ਨੂੰ ਖਤਮ ਕਰਾਂਗੇ। ਫਿਰ ਇਹ ਪੰਜਾਬ ਪੁਲੀਸ ਪੂਰੀ ਇਮਾਨਦਾਰੀ ਨਾਲ ਕੰਮ ਕਰੇਗੀ ਅਤੇ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਏਗੀ।
ਕੇਜਰੀਵਾਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ 'ਆਪ' ਦੀ ਸਰਕਾਰ ਬਣਨ 'ਤੇ ਅਸੀਂ 'ਰੇਡ ਰਾਜ' ਅਤੇ 'ਇੰਸਪੈਕਟਰੀ ਰਾਜ' ਨੂੰ ਪੂਰੀ ਤਰ੍ਹਾਂ ਖਤਮ ਕਰਾਂਗੇ। ਗੈਰ-ਕਾਨੂੰਨੀ ਅਤੇ ਬੇਲੋੜੇ ਟੈਕਸ ਦੇ ਬੋਝ ਨੂੰ ਹਟਾਵਾਂਗੇ। ਇਸ ਨਾਲ ਪੰਜਾਬ ਵਿੱਚ ਕਾਰੋਬਾਰ ਵਧੇਗਾ ਅਤੇ ਰੁਜ਼ਗਾਰ ਵੀ। ਦਿੱਲੀ ਦੀ ਉਦਾਹਰਨ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ 2015 ਵਿੱਚ ਦਿੱਲੀ ਸਰਕਾਰ ਦਾ ਬਜਟ 25000 ਕਰੋੜ ਸੀ, ਅਸੀਂ ਕਾਰੋਬਾਰੀਆਂ ਤੇ ਵਪਾਰੀਆਂ 'ਤੇ ਭਰੋਸਾ ਕੀਤਾ ਅਤੇ 'ਰੇਡ ਰਾਜ' ਨੂੰ ਖਤਮ ਕੀਤਾ। ਅੱਜ ਦਿੱਲੀ ਸਰਕਾਰ ਦਾ ਬਜਟ 70 ਹਜ਼ਾਰ ਕਰੋੜ ਹੈ। ਪੰਜਾਬ ਵਿੱਚ ਵੀ ਅਸੀਂ ਉਦਯੋਗ-ਵਪਾਰ ਨੂੰ ਪ੍ਰਫੁੱਲਤ ਕਰਨ ਲਈ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਾਂਗੇ ਅਤੇ ਕੋਈ ਨਵਾਂ ਟੈਕਸ ਨਹੀਂ ਲਗਾਵਾਂਗੇ। ਸਰਕਾਰ ਬਣਦੇ ਹੀ ਅਸੀਂ ਭ੍ਰਿਸ਼ਟਾਚਾਰ 'ਤੇ ਹਮਲਾ ਕਰਾਂਗੇ। ਪੰਜਾਬ ਦੇ ਸ਼ਾਸਨ ਵਿਵਸਥਾ ਨੂੰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ।
ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਕੇਜਰੀਵਾਲ ਨੇ ਐਲਾਨ ਕੀਤਾ ਕਿ 'ਆਪ' ਸਰਕਾਰ ਬਣਨ ਤੋਂ ਬਾਅਦ ਸਾਰੇ ਵਪਾਰਕ ਖੇਤਰਾਂ ਦੇ ਲੋਕਾਂ ਨੂੰ ਮਿਲਾਕੇ ਇਕ ਸਰਕਾਰੀ ਸੰਸਥਾ ਬਣਾਈ ਜਾਵੇਗੀ, ਜਿਸ ਦੇ ਪ੍ਰਧਾਨ ਮੁੱਖ ਮੰਤਰੀ ਹੋਣਗੇ। ਇਸ ਸੰਸਥਾ ਰਾਹੀਂ ਵਪਾਰੀ ਲੋਕ ਆਪਣੀਆਂ ਸਮੱਸਿਆਵਾਂ ਸਿੱਧੇ ਮੁੱਖ ਮੰਤਰੀ ਤੱਕ ਪਹੁੰਚਾ ਸਕਣਗੇ। ਸਿੱਧੇ ਮੁੱਖ ਮੰਤਰੀ ਤੱਕ ਸਮੱਸਿਆ ਪੁੱਜਣ ਨਾਲ ਸਮੱਸਿਆ ਦਾ ਤੁਰੰਤ ਅਤੇ ਠੋਸ ਹੱਲ ਹੋਵੇਗਾ।