ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਹੀ ਰਿਟਰਨਿੰਗ ਅਫ਼ਸਰ ਦੇ ਕਮਰੇ ’ਚ ਜਾ ਸਕਣਗੇ
100 ਮੀਟਰ ਦੇ ਘੇਰੇ ਤੋਂ ਉਮੀਦਵਾਰ ਦੇ ਨਾਲ ਸਿਰਫ ਦੋ ਗੱਡੀਆਂ ਹੀ ਅੱਗੇ ਜਾ ਸਕਣਗੀਆਂ
26 ਅਤੇ 30 ਜਨਵਰੀ ਨੂੰ ਨਹੀਂ ਲਏ ਜਾਣਗੇ ਨਾਮਜ਼ਦਗੀ ਪੱਤਰ
ਜਲੰਧਰ, 24 ਜਨਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸ਼ੁਰੂ ਹੋ ਰਹੀ ਪ੍ਰਕਿਰਿਆ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਮੰਗਲਵਾਰ ਤੋਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਉਮੀਦਵਾਰ ਆਪਣੇ ਹਲਕੇ ਦੇ ਸਬੰਧਿਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਨ ਸਭਾ ਹਲਕਾ-30 ਫਿਲੌਰ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ ਫਿਲੌਰ ਅਮਰਿੰਦਰ ਸਿੰਘ ਮੱਲੀ ਦੇ ਦਫ਼ਤਰ ਵਿਖੇ ਨਿਰਧਾਰਿਤ ਸਮੇਂ ਦੌਰਾਨ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਵਿਧਾਨ ਸਭਾ ਹਲਕਾ-31 ਨਕੋਦਰ ਲਈ ਐਸ.ਡੀ.ਐਮ ਪੂਨਮ ਸਿੰਘ ਦੇ ਦਫ਼ਤਰ ’ਚ ਨਾਮਜਦਗੀਆਂ ਜਮਾਂ ਹੋਣਗੀਆਂ। ਵਿਧਾਨ ਸਭਾ ਹਲਕਾ-32 ਸ਼ਾਹਕੋਟ ਐਸ.ਡੀ.ਐਮ ਲਾਲ ਵਿਸ਼ਵਾਸ਼, ਵਿਧਾਨ ਸਭਾ ਹਲਕਾ-33 ਕਰਤਾਰਪੁਰ ਲਈ ਐਸ.ਡੀ.ਐਮ ਜਲੰਧਰ-2 ਬਲਬੀਰ ਰਾਜ ਸਿੰਘ, ਵਿਧਾਨ ਸਭਾ ਹਲਕਾ-34 ਜਲੰਧਰ ਪੱਛਮੀ ਲਈ ਅਸਟੇਟ ਅਫ਼ਸਰ ਜਲੰਧਰ ਵਿਕਾਸ ਅਥਾਰਟੀ ਖੁਸ਼ਦਿਲ ਸਿੰਘ, ਜਲੰਧਰ ਕੇਂਦਰੀ ਹਲਕਾ-35 ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਜਲੰਧਰ-1 ਹਰਪ੍ਰੀਤ ਸਿੰਘ ਅਟਵਾਲ, ਜਲੰਧਰ ਉੱਤਰੀ ਹਲਕਾ-36 ਲਈ ਰਿਟਰਨਿੰਗ ਅਫ਼ਸਰ ਏ.ਸੀ.ਏ., ਜਲੰਧਰ ਵਿਕਾਸ ਅਥਾਰਟੀ ਰਜਤ ਉਬਰਾਏ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਹੋਣਗੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ-37 ਲਈ ਨਾਮਜ਼ਦਗੀਆਂ ਸਕੱਤਰ ਆਰ.ਟੀ.ਏ. ਰਾਜੀਵ ਵਰਮਾ ਅਤੇ ਵਿਧਾਨ ਸਭਾ ਹਲਕਾ ਆਦਮਪੁਰ-38 ਲਈ ਰਿਟਰਨਿੰਗ ਅਫ਼ਸਰ ਜਾਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਜੋਤੀ ਬਾਲਾ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਹੋਣਗੇ।
ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਲਿਆਂ ਨੂੰ ਕਿਹਾ ਕਿ ਉਹ ਕੋਵਿਡ ਸਬੰਧੀ ਸਿਹਤ ਸਲਾਹਕਾਰੀਆਂ ਦੀ ਮੁਕੰਮਲ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਹਦਾਇਤਾਂ ਅਨੁਸਾਰ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਹੀ ਰਿਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਜਾ ਸਕਣਗੇ ਅਤੇ 100 ਮੀਟਰ ਦੇ ਘੇਰੇ ਤੋਂ ਸਿਰਫ ਦੋ ਗੱਡੀਆਂ ਨੂੰ ਹੀ ਅੱਗੇ ਆਉਣ ਦੀ ਇਜਾਜਤ ਹੋਵੇਗੀ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਵਾਲੇ ਦਿਨ 26 ਜਨਵਰੀ ਨੂੰ ਅਤੇ 30 ਜਨਵਰੀ ਨੂੰ ਨਾਮਜ਼ਦਗੀਆਂ ਨਹੀਂ ਲਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ 1 ਫਰਵਰੀ ਤੱਕ ਨਾਮਜ਼ਦਗੀਆਂ ਲਈਆਂ ਜਾਣਗੀਆਂ, 2 ਫਰਵਰੀ ਨੂੰ ਕਾਗਜਾਂ ਦੀ ਪੜਤਾਲ ਹੋਵੇਗੀ, 4 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਅਤੇ 20 ਫਰਵਰੀ ਨੂੰ ਵੋਟਾਂ ਪੈਣਗੀਆਂ ਜਿਨ੍ਹਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।