ਸਰਬਜੀਤ ਸੁਖੀਜਾ
- ਧੋਖਾਧੜੀ ਦਾ ਦੋਸ਼ੀ ਇਲਾਜ ਦੌਰਾਨ ਸਿਵਲ ਹਸਪਤਾਲ ਤੋਂ ਫਰਾਰ
ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ 2021 - ਧੋਖਾਧੜੀ ਦਾ ਦੋਸ਼ੀ ਕਰੋਨਾ ਦੇ ਇਲਾਜ ਦੌਰਾਨ ਸਿਵਲ ਹਸਪਤਾਲ ਮੁਕਤਸਰ ਵਿਚੋਂ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਕਾਰਨ ਆਪਣੀ ਡਿਊਟੀ ਵਿਚ ਲਾਪਰਵਾਹੀ ਕਰਨ ਵਾਲੇ ਪੁਲਸ ਕਰਮਚਾਰੀਆਂ ਖਿਲਾਫ਼ ਵੀ ਪੁਲਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਇਹ ਮਾਮਲਾ ਸਿਵਲ ਹਸਪਤਾਲ ਮੁਕਤਸਰ ਦੇ ਡਿਊਟੀ ਅਫ਼ਸਰ ਪ੍ਰਵੇਸ਼ ਕੌਸ਼ਲ ਦੇ ਬਿਆਨਾਂ ’ਤੇ ਦਰਜ਼ ਕੀਤਾ ਗਿਆ ਹੈ। ਲੁਧਿਆਣਾ ਦੇ ਫੋਕਲ ਪੁਆਇੰਟ ਦਾ ਨਿਵਾਸੀ ਗੁਰਦੇਵ ਸਿੰਘ ਦੇ ਖਿਲਾਫ਼ ਥਾਣਾ ਲੰਬੀ ਵਿਖੇ 20 ਦਸੰਬਰ 2019 ਨੂੰ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਸੀ। ਜੋ ਕਿ ਮੁਕਤਸਰ ਦੀ ਜੇਲ ਵਿਚ ਬੰਦ ਸੀ। ਗੁਰਦੇਵ ਸਿੰਘ ਕਰੋਨਾ ਦਾ ਮਰੀਜ਼ ਹੋਣ ਕਾਰਨ ਉਸਦਾ ਬੀਤੀ 4 ਅਪ੍ਰੈਲ ਤੋਂ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ।
ਜਿਸ ਦੀ ਨਿਗਰਾਨੀ ਲਈ ਤਿੰਨ ਪੁਲਸ ਕਰਮਚਾਰੀਆਂ ਨੂੰ ਲਗਾਇਆ ਗਿਆ ਸੀ। ਬੀਤੀ 6 ਅਪ੍ਰੈਲ ਨੂੰ ਪੁਲਸ ਕਰਮਚਾਰੀ ਦੋਸ਼ੀ ਨੂੰ ਕਰੋਨਾ ਵਾਲੇ ਕਮਰੇ ਵਿਚ ਬਾਥਰੂਮ ਦੀ ਬਜਾਏ ਦੂਜੇ ਬਾਥਰੂਮ ਵਿਚ ਲੈ ਗਏ। ਜਦੋਂ ਉਹ 10-15 ਮਿੰਟ ਬਾਹਰ ਨਹੀਂ ਆਇਆ ਤਾਂ ਪੁਲਸ ਕਰਮਚਾਰੀਆਂ ਨੇ ਧੱਕੇ ਨਾਲ ਦਰਵਾਜਾ ਖੋਲਿਆ। ਅੰਦਰ ਜਾ ਕੇ ਦੇਖਿਆ ਕਿ ਖਿੜਕੀ ਖੁੱਲੀ ਹੋਈ ਸੀ ਅਤੇ ਗੁਰਦੇਵ ਸਿੰਘ ਮੌਕੇ ਤੋਂ ਫਰਾਰ ਹੋ ਚੁੱਕਿਆ ਸੀ। ਪੁਲਸ ਨੇ ਦੋਸ਼ੀ ਗੁਰਦੇਵ ਸਿੰਘ ਸਮੇਤ ਆਪਣੀ ਡਿਊਟੀ ਵਿਚ ਲਾਪਰਵਾਹੀ ਕਰਨ ਵਾਲੇ ਹੌਲਦਾਰ ਬਲਰਾਜ ਸਿੰਘ, ਪੀਐਚਸੀ ਗੁਰਮੀਤ ਸਿੰਘ ਅਤੇ ਪੀਐਚਸੀ ਜਗਰੂਪ ਸਿੰਘ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।