ਪਰਵਿੰਦਰ ਸਿੰਘ ਕੰਧਾਰੀ
- ਵੱਧ ਤੋਂ ਵੱਧ ਟੈਸਟਿੰਗ ਅਤੇ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ
- ਜ਼ਿਲ੍ਹੇ ਵਿੱਚ 86 ਸਰਕਾਰੀ/ਨਿੱਜੀ ਵੈਕਸੀਨੇਸ਼ਨ ਸੈਂਟਰ ਸਥਾਪਿਤ
- ਹੁਣ ਤੱਕ 43825 ਲੋਕਾਂ ਦਾ ਹੋਇਆ ਟੀਕਾਕਰਨ
ਫ਼ਰੀਦਕੋਟ 15 ਅਪ੍ਰੈਲ 2021 - ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਬੀਤੀ ਸ਼ਾਮ ਆਪਣੇ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਦੇ ਰੂਬਰੂ ਹੋ ਕੇ ਕਰੋਨਾ ਸਬੰਧੀ ਤਾਜ਼ਾ ਸਥਿਤੀ, ਇਸ ਤੋਂ ਬਚਾਅ ਆਦਿ ਸਮੇਤ ਹੋਰ ਮੁੱਦਿਆਂ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਰੋਨਾ ਨੂੰ ਖਤਮ ਕਰਨ ਲਈ ਟੀਕਾਕਰਨ ਹੀ ਸਭ ਤੋਂ ਵੱਡਾ ਹਥਿਆਰ ਹੈ ਅਤੇ ਇਸ ਬਿਮਾਰੀ ਨੂੰ 100% ਟੀਕਾਕਰਨ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਟੀਕਾਕਰਨ ਲਈ ਜਿਲ੍ਹੇ ਵਿੱਚ 86 ਸਥਾਨਾਂ ਦੀ ਚੋਣ ਕੀਤੀ ਗਈ ਹੈ ਅਤੇ ਸਾਰੇ ਸਰਕਾਰੀ ਟੀਕਾਕਰਨ ਕੇਂਦਰ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਡੋਜ਼ ਬਿਲਕੁਲ ਮੁਫਤ ਲਗਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ 43825 ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦਾ ਸਿਹਤ ਉੱਪਰ ਕੋਈ ਨੁਕਸਾਨ ਨਹੀਂ ਹੁੰਦਾ।ਉਨ੍ਹਾਂ 45 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾ ਜ਼ਰੂਰ ਲਗਵਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਦੇ ਨਾਲ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਜਿਵੇਂ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਸਾਫ਼-ਸਫ਼ਾਈ ਤੇ ਸਵੱਛਤਾ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਵਧਾਨੀਆਂ ਵਰਤਣ ਵਿੱਚ ਢਿੱਲ ਨਾ ਕੀਤੀ ਜਾਵੇ, ਅਤੇ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਮੂੰਹ ਤੇ ਹਮੇਸ਼ਾ ਮਾਸਕ ਲਗਾ ਕੇ ਰੱਖੋਂ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰੋ। ਇਸ ਸਬੰਧੀ ਅਣਗਹਿਲੀ ਸਾਡੇ ਲਈ ਘਾਤਕ ਹੋ ਸਕਦੀ ਹੈ।
ਫਰੀਦਕੋਟ ਜਿਲ੍ਹੇ ਵਿੱਚ ਕਰੋਨਾ ਦੀ ਤਾਜ਼ਾ ਸਥਿਤੀ ਅਨੁਸਾਰ ਜਿਲ੍ਹੇ ਵਿਚ ਕਰੋਨਾ ਪਾਜਿਟਿਵ ਦੇ ਹੁਣ ਤੱਕ 5631 ਕੇਸ ਸਾਹਮਣੇ ਆਏ ਹਨ ਅਤੇ 5007 ਲੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਹੁਣ ਤੱਕ 90183 ਕਰੋਨਾ ਸੈਂਪਲ ਇਕਤਰ ਕੀਤੇ ਜਾ ਚੁੱਕੇ ਹਨ। ਜਦਕਿ ਜਿਲ੍ਹੇ ਵਿੱਚ ਹੁਣ ਕਰੋਨਾ ਦੇ 523 ਦੇ ਲਗਪਗ ਐਕਟਿਵ ਕੇਸ ਹਨ।
ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਚ ਖੰਘ, ਜ਼ੁਕਾਮ ਬੁਖਾਰ ਆਦਿ ਦੇ ਲੱਛਣ ਦਿਸਣ ਤਾਂ ਤੁਰੰਤ ਇਸ ਦਾ ਨੇੜੇ ਦੇ ਫਲੂ ਕਾਰਨਰਾਂ ਵਿਖੇ ਸੈਂਪਲ ਦੇ ਕੇ ਟੈਸਟ ਕਰਵਾਓ ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਦਾ ਖਾਤਮਾ ਕੀਤਾ ਜਾ ਸਕੇ। ਇਸ ਲਈ ਵੱਧ ਤੋਂ ਵੱਧ ਟੈਸਟਿੰਗ, ਵੈਕਸੀਨੇਸ਼ਨ ਕਰਵਾਉ। ਹੋਰ ਜ਼ਿਆਦਾ ਜਾਣਕਾਰੀ ਲਈ ਸਿਹਤ ਵਿਭਾਗ ਦੇ ਟੋਲ ਫਰੀ ਹੈਲਪ ਲਾਈਨ ਨੰ: 104 ਤੇ ਸੰਪਰਕ ਕੀਤਾ ਜਾ ਸਕਦਾ ਹੈ।