ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 1 ਅਪ੍ਰੈਲ 2021 - ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਤੋੜ ਲਈ ਟੀਕਾ ਬਨਾਉਣ ਵਾਲੀ ਕੰਪਨੀ ਫਾਈਜ਼ਰ ਦਾ ਕਹਿਣਾ ਹੈ ਕਿ ਇਸਦਾ ਕੋਵਿਡ -19 ਟੀਕਾ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਬਿਮਾਰੀ ਨੂੰ ਰੋਕਣ ਲਈ 100 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ। ਇਸਦਾ ਟੀਕਾ, ਦੋ ਖੁਰਾਕਾਂ ਵਿੱਚ ਦਿੱਤਾ ਜਾਂਦਾ ਹੈ। ਇਹ 16 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਐਮਰਜੈਂਸੀ ਵਰਤੋਂ ਲਈ ਪਹਿਲਾਂ ਹੀ ਅਧਿਕਾਰਿਤ ਕੀਤਾ ਗਿਆ ਹੈ।
ਫਾਈਜ਼ਰ ਦੇ ਸੀ ਈ ਓ ਐਲਬਰਟ ਬੌਰਲਾ ਅਨੁਸਾਰ, ਕੰਪਨੀ ਆਉਣ ਵਾਲੇ ਹਫ਼ਤਿਆਂ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਪ੍ਰਾਪਤ ਕਰਨ ਦੀ ਬੇਨਤੀ ਦੀ ਯੋਜਨਾ ਬਣਾ ਰਹੀ ਹੈ। ਇਸ ਸੰਬੰਧੀ ਪ੍ਰੀਖਣਾਂ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆਇਕ ਖ਼ਬਰ ਜਾਰੀ ਕਰਦਿਆਂ ਐਲਾਨ ਕੀਤਾ ਗਿਆ ਅਤੇ ਅਮਰੀਕਾ ਵਿੱਚ ਫਾਈਜ਼ਰ ਟੀਕੇ ਦੇ ਟ੍ਰਾਇਲ ਵਿੱਚ 2,200 ਤੋਂ ਵੱਧ ਕਿਸ਼ੋਰਾਂ ਨੂੰ ਦਾਖਲ ਕੀਤਾ ਗਿਆ ਸੀ।ਜਿਹਨਾਂ ਵਿੱਚੋਂ ਲੱਗਭਗ ਅੱਧਿਆਂ ਨੂੰ ਅਸਲ ਸ਼ਾਟ ਮਿਲੇ, ਜਦੋਂ ਕਿ ਦੂਸਰੇ ਬੱਚਿਆਂ ਨੂੰ ਪਲੇਸਬੋ ਸ਼ਾਟ ਦਿੱਤੇ ਗਏ।
ਫਾਈਜ਼ਰ ਅਨੁਸਾਰ ਕੋਵਿਡ -19 ਦੇ 18 ਕੇਸ ਪਲੇਸਬੋ ਲੱਗਣ ਵਾਲੇ ਕਿਸ਼ੋਰਾਂ ਵਿੱਚ ਪਾਏ ਗਏ। ਇਸਦੇ ਇਲਾਵਾ ਫਾਈਜ਼ਰ 6 ਮਹੀਨੇ ਤੋਂ 11 ਸਾਲ ਦੇ ਬੱਚਿਆਂ ਵਿੱਚ ਵੀ ਟੀਕੇ ਦੀ ਪ੍ਰਭਾਵਸ਼ੀਲਤਾ ਬਾਰੇ ਅਧਿਐਨ ਕਰ ਰਿਹਾ ਹੈ, ਅਤੇ ਇਸ ਪ੍ਰੀਖਣ ਦੇ ਸੰਬੰਧ ਵਿੱਚ ਪਹਿਲੀ ਖੁਰਾਕ ਪਿਛਲੇ ਹਫ਼ਤੇ ਦਿੱਤੀ ਗਈ ਸੀ।