ਅਸ਼ੋਕ ਵਰਮਾ
ਮਾਨਸਾ,20 ਮਾਰਚ 2021: ਮਾਨਸਾ ਪੁਲਿਸ ਨੇ ਪੰਜਾਬ ਸਰਕਾਰ ਦੇ ਕੋਵਿਡ-19 ਪ੍ਰੋਟੋਕੋਲ ਦੀ ਉਲੰਘਣਾ ਕਰਕੇ ਮਾਸਕ ਨਾਂ ਪਹਿਨ ਵਾਲਿਆਂ ਖਿਲਾਫ ਸ਼ਿਕੰਜਾ ਕਸਦਿਆਂ ਅਜਿਹੇ ਲੋਕਾਂ ਦੇ ਕਰੋਨਾ ਟੈਸਟ ਕਰਵਾਉਣੇ ਅਤੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਕੁੱਝ ਸਮੇਂ ਤੋਂ ਪੁਲਿਸ ਆਮ ਲੋਕਾਂ ਨੂੰ ਚੌਕਸੀ ਵਰਤਣ ਦੀਆਂ ਸਲਾਹਾਂ ਦਿੰਦੀ ਆ ਰਹੀ ਸੀ ਪਰ ਜਦੋਂ ਕੋਈ ਅਸਰ ਨਾਂ ਹੋਇਆ ਤਾਂ ਪੁਲਿਸ ਨੇ ਸਖਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਪੁਲਿਸ ਅਜੇ ਆਪਣੇ ਰੰਗ ’ਚ ਤਾਂ ਨਹੀਂ ਆਈ ਪਰ ਆਮ ਲੋਕਾਂ ਨੂੰ ਸੁਧਰ ਜਾਣ ਦੇ ਸੰਕੇਤ ਜਰੂਰ ਦੇ ਦਿੱਤੇ ਹਨ। ਸ਼ੁੱਕਰਵਾਰ ਨੂੰ ਜਦੋਂ ਪੁਲਿਸ ਦੀ ਗੱਡੀ ਬਜ਼ਾਰਾਂ ’ਚ ਪੁੱਜੀ ਅਤੇ ਬਿਨਾਂ ਮਾਸਕ ਵਾਲਿਆਂ ਨੂੰ ਸੈਂਪਲ ਲੈਣ ਲਈ ਲਿਜਾਣਾ ਸ਼ੁਰੂ ਕਰ ਦਿੱਤਾ।
ਹਾਲਾਂਕਿ ਪੁਲਿਸ ਕੋਲ ਕਈਆਂ ਨੇ ਵੱਖ ਵੱਖ ਢੰਗਾਂ ਨਾਲ ਚਾਰਾਜੋਈ ਕਰਨ ਦੀ ਕੋਸ਼ਿਸ਼ ਕੀਤੀ ਪਰ ਅਫਸਰਾਂ ਨੇ ਉੱਪਰੋਂ ਆਏ ਹੁਕਮਾਂ ਕਾਰਨ ਅਸਮਰੱਥਾ ਜਤਾ ਦਿੱਤੀ। ਅੱਜ ਤਾਂ ਮਾਨਸਾ ਪੁਲਿਸ ਦੇ ਐਸ ਪੀ ਰਕੇਸ਼ ਕੁਮਾਰ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸ਼ਹਿਰ ’ਚ ਭਲਵਾਨੀ ਗੇੜਾ ਦੇ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਉਹ ਮਾਸਕ ਪਹਿਨਣ ਅਤੇ ਕਰੋਨਾਂ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਨਹੀਂ ਤਾਂ ਪੁਲਿਸ ਬਖਸ਼ੇਗੀ ਨਹੀਂ। ਜਾਣਕਾਰੀ ਅਨੁਸਾਰ ਇੰਨ੍ਹਾਂ ਦੋ ਦਿਨਾਂ ਦੌਰਾਨ ਮਾਸਕ ਨਾਂ ਪਹਿਨਣ ਵਾਲੇ ਕਰੀਬ ਛੇ ਦਰਜਨ ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਹਨ ਜਦੋਂਕਿ ਲੱਗਭਗ 2 ਸੌ ਤੋਂ ਵੱਧ ਵਿਅਕਤੀਆਂ ਦਾ ਚਲਾਨ ਕੱਟਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਜੇਕਰ ਕੋੋਈ ਵਿਅਕਤੀ ਬਿਨਾਂ ਮਾਸਕ ਬਜਾਰਾਂ, ਗਲੀਆਂ,ਮੁਹੱਲਿਆਂ ’ਚ ਘੁੰਮਦਾ ਅਤੇ ਸੋੋਸ਼ਲ ਡਿਸਟੈਸਿੰਗ ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸ ਦਾ ਕੋੋਰੋੋਨਾ ਸੈਪਲਿੰਗ ਸੈਂਟਰ ਮਾਨਸਾ ਵਿਖੇ ਲਿਜਾ ਕੇ ਕੋੋਰੋੋਨਾ ਟੈਸਟ ਕਰਾਇਆ ਜਾਵੇਗਾ ਤਾਂ ਜੋੋ ਪ੍ਰਭਾਵਿਤ ਵਿਅਕਤੀ ਨੂੰ ਇਕਾਂਤਵਾਸ ਕਰਵਾ ਕੇ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਿਆ ਜਾ ਸਕੇ।ਉਨ੍ਹਾਂ ਆਖਿਆ ਕਿ ਪੁਲਿਸ ਹੁੱਲੜਬਾਜਾਂ ਖਿਲਾਫ ਸਖਤ ਕਾਰਵਾਈ ਕਰੇਗੀ ਜਿੰਨ੍ਹਾਂ ਤੇ ਬਕਾਇਦਾ ਨਜ਼ਰ ਰੱਖੀ ਜਾ ਰਹੀ ਹੈ।
ਕਰੋਨਾਂ ਸੈਂਪਲਿੰਗ ਦੇ ਨੋਡਲ ਅਫਸਰ ਡਾ ਰਣਜੀਤ ਸਿੰਘ ਰਾਏ ਦਾ ਕਹਿਣਾ ਸੀ ਕਿ ਪੁਲਿਸ ਕਰੋਨਾ ਦੇ ਟੈਸਟ ਕਰਵਾਉਣ ਵਾਲਿਆਂ ਨੂੰ ਸੈਂਪਲ ਲੈਣ ਲਈ ਭੇਜ ਰਹੀ ਹੈ। ਉਨ੍ਹਾਂ ਆਖਿਆ ਕਿ ਖਤਰੇ ਨੂੰ ਦੇਖਦਿਆਂ ਲੋਕ ਮਾਸਕ ਪਹਿਨਣ ਅਤੇ ਸੁਰੱਖਿਅਤ ਰਹਿਣ ਨਾਲ ਦੂਸਰਿਆਂ ਲਈ ਖਤਰਾ ਨਾਂ ਬਨਣ ,ਇਸ ‘ਚ ਹੀ ਸਾਰਿਆਂ ਦੀ ਭਲਾਈ ਹੈ। ਉਨ੍ਹਾਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਨੂੰ ਪਾਲਣਾ ਕਰਨ ਦੀ ਲੋੜ ਤੇ ਜੋਰ ਵੀ ਦਿੱਤਾ।
ਲੋਕਾਂ ਨੂੰ ਜਾਗਰੂਕ ਕਰ ਰਹੀ ਪੁਲਿਸ:ਐਸ ਐਸ ਪੀ
ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਂ ਕੋੋਰੋੋਨਾ ਮਹਾਂਮਾਰੀ ਦੇ ਦੁਬਾਰਾ ਫੈਲਾਅ ਨੂੰ ਦੇਖਦਿਆਂ ਆਮ ਲੋਕਾਂ ਨੂੰ ਬਗੈਰ ਕੰਮ ਤੋਂ ਬਾਹਰ ਨਾਂ ਨਿਕਲਣ ਅਤੇ ਹਰ ਵਕਤ ਮਾਸਕ ਪਹਿਨਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਆਮ ਲੋਕਾਂ ਨੂੰ ਕਰੋਨਾ ਦੇ ਖਤਰਿਆਂ ਤੇ ਸਰਕਾਰ ਵੱਲੋਂ ਬਣਾਏ ਸੋਸ਼ਲ ਡਿਸਟੈਂਸਿੰਗ ਆਦਿ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਬਚਾਅ ਲਈ ਪਬਲਿਕ ਨੂੰ ਮਾਸਕ ਵੰਡੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਦਿਆਂ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਂ ਇਕੱਠਾਂ ਵਿੱਚ ਨਾ ਜਾਣ ਅਤੇ ਨਾ ਹੀ ਇਕੱਠ ਕਰਨ।
ਦੋ ਦਿਨਾਂ ’ਚ 206 ਚਲਾਨ:ਐਸ ਐਸ ਪੀ
ਐਸ ਐਸ ਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਿਸ ਨੇ ਬਿਨਾਂ ਮਾਸਕ ਘੁੰਮਣ ਵਾਲਿਆਂ ਦੇ 71 ਚਲਾਨ ਕੱਟੇ ਹਨ ਜਦੋਂਕਿ ਅੱਜ ਇਸੇ ਮਾਮਲੇ ਨੂੰ ਲੈਕੇ ਕੱਟੇ ਚਲਾਨਾਂ ਦੀ ਗਿਣਤੀ 135 ਹੈ। ਉਨ੍ਹਾਂ ਆਖਿਆ ਕਿ ਪੁਲਿਸ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਸਕ ਨਾਂ ਪਾਉਣ ਵਾਲੇ ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾ ਰਹੀ ਹੈ । ਉਨ੍ਹਾਂ ਆਖਿਆ ਕਿ ਮਾਨਸਾ ਪੁਲਿਸ ਜਰੂਰੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਵਾਏਗੀ ਤਾਂ ਜੋ ਕੋਵਿਡ-19 ਮਹਾਂਮਾਰੀ ਤੋਂ ਬਚਿਆ ਜਾ ਸਕੇ।