ਹਰੀਸ਼ ਕਾਲੜਾ
- ਉਹ ਸਾਰੇ ਸ਼ਰਧਾਲੂ ਜੋ 24 ਤੋਂ 29 ਮਾਰਚ ਤੱਕ ਮਨਾਏ ਜਾਣ ਵਾਲੇ ਹੋਲਾ ਮੁਹੱਲਾ ਦੌਰਾਨ ਹੋਟਲਾਂ ਚ ਰੁਕਣਗੇ, ਦੇ ਕੋਵਿਡ ਟੈਸਟ ਲਈ ਸੈਂਪਲ ਲਏ ਜਾਣਗੇ
ਰੂਪਨਗਰ 18 ਮਾਰਚ 2021: ਸ੍ਰੀਮਤੀ ਸੋਨਾਲੀ ਗਿਰੀ ਨੇ ਡਿਪਟੀ ਕਮਿਸ਼ਨਰ ਨੇ ,ਕੋਵਿਡ ਮਾਮਲਿਆਂ ਵਿਚ ਹੋਏ ਤਾਜ਼ਾ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਨੇ ਸਾਰੇ ਅੰਤਰਰਾਸ਼ਟਰੀ ਸ਼ਰਧਾਲੂਆਂ ਜੋ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਆ ਰਹੇ ਹਨ ਨੂੰ ਆਪਣੇ ਨਾਲ 72 ਘੰਟੇ ਵਾਲੀ ਕੋਰੋਨਾ ਵਾਇਰਸ ਨੈਗੇਟਿਵ ਰਿਪੋਰਟ ਲੈ ਕੇ ਆਉਣ ਦੀ ਅਪੀਲ ਕੀਤੀ । ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜੋ ਸ਼ਰਧਾਲੂ 24 ਤੋਂ 29 ਮਾਰਚ ਤੱਕ ਮਨਾਏ ਜਾਣ ਵਾਲੇ ਸਮਾਰੋਹ ਦੌਰਾਨ ਹੋਟਲਾਂ ਵਿੱਚ ਰੁਕਣਗੇ ,ਉਨ੍ਹਾਂ ਦਾ ਕੋਵਿਡ ਟੈਸਟ ਲਈ ਸੈਂਪਲ ਲਿਆ ਜਾਵੇਗਾ ।ਉਨਾਂ ਇਹ ਵੀ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਮੁੱਚੇ ਰਾਜ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਰੂਪਨਗਰ ਵਿੱਚ ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਤੇਜ਼ੀ ਨਾਲ ਹੈਰਾਨੀਜਨਕ ਵਾਧਾ ਹੋਇਆ ਹੈ ਉਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ ਤਾਂ ਜੋ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਕੋਰੋਨਾ ਵਾਇਰਸ ਦੇ ਜੋ ਸ਼ੱਕੀ ਮਰੀਜ਼ ਹਨ ਉਨ੍ਹਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾ ਸਕੇ ।
ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਹੋਲਾ ਮੁਹੱਲਾ ਇਕ ਬਹੁਤ ਹੀ ਪਵਿੱਤਰ ਤਿਉਹਾਰ ਹੈ ਜਿਸ ਦੀ ਧਾਰਮਿਕ ਤੌਰ ਤੇ ਵੀ ਕਾਫੀ ਮਹੱਤਤਾ ਹੈ ਪਰ ਅਜਿਹੇ ਔਖੇ ਸਮੇਂ ਵਿੱਚ ਲੋਕਾਂ ਦੀਆਂ ਜ਼ੰਿਦਗੀਆਂ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਹੀ ਇਹ ਫ਼ੈਸਲੇ ਲਏ ਗਏ ਹਨ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਰਥਾਤ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਉਹ ਹੋਲਾ ਮਹੱਲਾ ਵਿੱਚ ਭਾਗ ਲੈਣ ਲਈ ਆਉਣ ਵਾਲੇ ਸ਼ਰਧਾਲੂਆਂ ਤੇ ਨਜ਼ਰ ਰੱਖ ਕੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ।
ਸੋਨਾਲੀ ਗਿਰੀ ਨੇ ਜਨਤਕ ਸ਼ਰਧਾਲੂਆਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਹੋਲਾ ਮਹੱਲਾ ਦਾ ਤਿਉਹਾਰ ਬੜੇ ਹੀ ਸੁਰੱਖਿਅਤ ਢੰਗ ਨਾਲ ਮਨਾਉਣ ਅਤੇ ਕੋਰੋਨਾ ਵਾਇਰਸ ਦੇ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਤਿਉਹਾਰ ਵਿੱਚ ਸ਼ਾਮਲ ਹੋਣ ਮੌਕੇ ਸ਼ਰਧਾਲੂਆਂ ਨੂੰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਦੂਸਰੇ ਤੋਂ ਦੋ ਗਜ਼ ਦੀ ਦੂਰੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਸੇਨੇਟਾਈਜ਼ਰ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ।