- ਬੈਡਾਂ ਦੀ ਸਮਰੱਥਾ ਨੂੰ ਵਧਾਉਣ ਨੂੰ ਯਕੀਨੀ ਬਣਾਉਣ ਲਈ ਨੋਡਲ ਅਫ਼ਸਰ ਤਾਇਨਾਤ ਜਾਂਚ
- ਇਕ ਦਿਨ 'ਚ 50 ਬੈਡ ਵਧਾਏ
- ਮੌਤ ਦਰ 'ਤੇ ਕਾਬੂ ਪਾਉਣ ਲਈ ਸੈਂਪਲ ਲੈਣ ਅਤੇ ਕੰਟੈਕਟ ਟਰੇਸਿੰਗ ਨੂੰ ਹੋਰ ਤੇਜ਼ ਕਰਨ ਦੀਆਂ ਹਦਾਇਤਾਂ
ਜਲੰਧਰ 17 ਮਾਰਚ 2021 - ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ 19 ਪ੍ਰਾਈਵੇਟ ਲੈਵਲ-3 ਦੇ ਕੋਵਿਡ ਕੇਅਰ ਹਸਪਤਾਲਾਂ ਨੂੰ ਕਿਹਾ ਕਿ ਤੁਰੰਤ ਹਸਪਤਾਲਾਂ ਵਿੱਚ 30 ਫੀਸਦੀ ਬੈਡਾਂ ਦੀ ਗਿਣਤੀ ਨੂੰ ਵਧਾਇਆ ਜਾਵੇ।
ਡਿਪਟੀ ਕਮਿਸ਼ਨਰ ਵਲੋਂ ਇਨਾਂ ਕੋਵਿਡ ਕੇਅਰ ਹਸਪਤਾਲਾਂ ਵਿੱਚ ਲੈਵਡ-3 ਬੈਡਾਂ ਦੀ ਸਮਰੱਥਾ ਵਧਾਉਣ ਲਈ ਨਿਯਮਤ ਜਾਂਚ ਲਈ ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ ਤਾਂ ਜੋ ਸਮੇਂ ਸਿਰ ਬੈਡਾਂ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੋਡਲ ਅਫ਼ਸਰਾਂ ਵਲੋਂ ਲੈਵਲ-3 ਕੋਵਿਡ ਕੇਅਰ ਸਹੂਲਤਾਂ ਵਿੱਚ 50 ਬੈਡਾਂ ਵਾਧੂ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਨਾਂ ਕੋਵਿਡ ਕੇਅਰ ਸੰਸਥਾਵਾਂ ਵਿੱਚ ਉਦੋਂ ਤੱਕ ਦੌਰੇ ਜਾਰੀ ਰੱਖੇ ਜਾਣ ਜਦੋਂ ਤੱਕ ਬੈਡਾਂ ਦੀ ਸਮਰੱਥਾ ਨਹੀਂ ਵੱਧ ਜਾਂਦੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕ ਪਿਛਲੇ ਕੁਝ ਹਫ਼ਤਿਆਂ ਤੋਂ ਨਵੇਂ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦਾ ਪਹਿਲੀ ਲਹਿਰ ਦੀ ਵਾਂਗ ਅਸਰਦਾਰ ਢੰਗ ਨਾਲ ਟਾਕਰਾ ਕਰਨ ਦੀ ਜਰੂਰਤ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨਾਂ ਹਸਪਤਾਲਾਂ ਨੂੰ ਲੈਵਲ-3 ਕੋਵਿਡ ਕੇਅਰ ਸੰਸਥਾਵਾਂ ਐਲਾਨਿਆਂ ਗਿਆ ਹੈ ਜਿਥੇ ਕੋਵਿਡ-19 ਦੇ ਮਰੀਜ਼ਾਂ ਨੂੰ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨਾਂ ਹਸਪਤਾਲਾਂ ਵਿੱਚ ਕਿਡਨੀ ਹਸਪਤਾਲ ਜਲੰਧਰ, ਅਰਮਾਨ ਹਸਪਤਾਲ, ਸਰਵੋਦਿਆ ਹਸਪਤਾਲ, ਪਿਮਸ ਜਲੰਧਰ, ਐਸ.ਜੀ.ਐਲ ਹਸਪਤਾਲ, ਜੌਹਲ ਹਸਪਤਾਲ, ਸ੍ਰੀਮਨ ਸੁਪਰ ਸਪੈਸ਼ਿਲਟੀ, ਕੈਪੀਟੋਲ ਹਸਪਤਾਲ, ਪਟੇਲ ਹਸਪਤਾਲ, ਸੈਕਰਡ ਹਸਪਤਾਲ, ਜੋਸ਼ੀ ਹਸਪਤਾਲ, ਐਨ.ਐਚ.ਐਸ. ਹਸਪਤਾਲ, ਇੰਨੋਸੈਂਟ ਹਾਰਟ ਹਸਪਤਾਲ, ਮਾਨ ਮੈਡੀਸਿਟੀ, ਘਈ ਹਸਪਤਾਲ ਜਲੰਧਰ, ਕਾਰਡੀਨੋਵਾ ਹਸਪਤਾਲ, ਕੇਅਰਮੈਕਸ ਹਸਪਤਾਲ, ਨਿਊ ਰੂਬੀ ਹਸਪਤਾਲ ਅਤੇ ਸ਼ਰਨਜੀਤ ਹਸਪਤਾਲ ਸ਼ਾਮਿਲ ਹਨ। ਉਨ੍ਹਾਂ ਇਨਾਂ ਸਾਰੇ ਹਸਪਤਾਲਾਂ ਨੂੰ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੈਵਲ-3 ਦੀਆਂ ਸਹੂਲਤਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਅਮਲਾ ਜਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੈਣ ਦੀ ਗਤੀ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਜਿਥੇ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ ਉਥੇ ਸੈਂਪਲ ਇਕੱਤਰ ਕਰਨ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਹਿਚਾਣ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਇਹ ਕੋਵਿਡ ਕਾਰਨ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਵਿੱਚ ਮਦਦਗਾਰ ਸਿੱਧ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜਸਬੀਰ ਸਿੰਘ, ਐਸ.ਡੀ.ਐਮਜ਼ ਰਾਹੁਲ ਸਿੰਧੂ, ਗੌਰਵ ਜੈਨ, ਡਾ.ਜੈ ਇੰਦਰ ਸਿੰਘ, ਸਿਵਲ ਸਰਜਨ ਡਾ.ਬਲਵੰਤ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਜੋਤੀ ਤੇ ਹੋਰ ਵੀ ਮੌਜੂਦ ਸਨ।