Photo : New York Post
ਲਾਸ ਏਂਜਲਸ ਨੇ ਪਾਰ ਕੀਤਾ ਕੋਰੋਨਾ ਵਾਇਰਸ ਦੇ ਪੁਸ਼ਟੀ ਕੀਤੇ ਹੋਏ 1 ਮਿਲੀਅਨ ਕੇਸਾਂ ਦਾ ਅੰਕੜਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 19 ਜਨਵਰੀ 2021
ਕੈਲੀਫੋਰਨੀਆਂ ਸੂਬੇ ਦੀ ਲਾਸ ਏਂਜਲਸ ਕਾਉਂਟੀ ਵਿੱਚ ਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸਦੇ ਨਤੀਜੇ ਵਜੋਂ ਇਸ ਕਾਉਂਟੀ ਨੇ ਪਿਛਲੇ ਹਫਤੇ ਦੇ ਅੰਤ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 10 ਲੱਖ ਕੋਵਿਡ -19 ਮਾਮਲਿਆਂ ਨੂੰ ਪਾਰ ਕਰ ਲਿਆ ਹੈ। ਦੇਸ਼ ਦੇ ਪਬਲਿਕ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ, ਕਾਉਂਟੀ ਵਿੱਚ ਵਾਇਰਸ ਦੇ 14,000 ਤੋਂ ਵੱਧ ਕੇਸ ਅਤੇ ਲੱਗਭਗ 253 ਮੌਤਾਂ ਦਰਜ਼ ਹੋਣ ਦੇ ਨਾਲ ਅਤੇ 7,597 ਕੋਰੋਨਾਂ ਮਰੀਜ਼ ਵੀ ਹਸਪਤਾਲਾਂ ਵਿੱਚ ਦਾਖਲ ਕੀਤੇ ਗਏ। ਹਾਲਾਂਕਿ ਕੈਲੀਫੋਰਨੀਆਂ ਮਹਾਂਮਾਰੀ ਦੌਰਾਨ ਦੇਸ਼ ਵਿੱਚ ਪਾਬੰਦੀਆਂ ਨੂੰ ਲਾਗੂ ਕਰਨ ਲਈ ਸਭ ਤੋਂ ਸਖਤ ਰਾਜਾਂ ਵਿੱਚੋਂ ਇੱਕ ਰਿਹਾ ਹੈ, ਪਰ ਪਿਛਲੇ ਦੋ ਹਫਤਿਆਂ ਦੌਰਾਨ ਸੂਬੇ ਵਿੱਚ ਹਰ ਦਿਨ ਔਸਤਨ 41000 ਨਵੇਂ ਕੋਰੋਨਾਂ ਵਾਇਰਸ ਮਾਮਲੇ ਸਾਹਮਣੇ ਆਏ ਹਨ। ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਅਨੁਸਾਰ ਸੂਬੇ ਵਿੱਚ ਸ਼ੁਰੂ ਕੀਤੀ ਗਈ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਨਵੇਂ ਟੀਕਾਕਰਨ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਰਾਜ ਸ਼ੁੱਕਰਵਾਰ ਤੱਕ ਤਕਰੀਬਨ 15 ਲੱਖ ਟੀਕੇ ਦੀਆਂ ਖੁਰਾਕਾਂ ਦੇਣ ਦੇ ਟੀਚੇ ਨੂੰ ਪਾਰ ਕਰਨ ਦੇ ਨਜ਼ਦੀਕ ਹੈ। ਲਾਸ ਏਂਜਲਸ ਕਾਉਂਟੀ ਵਿੱਚ ਵਧ ਰਹੇ ਕੋਰੋਨਾਂ ਮਾਮਲਿਆਂ ਦੇ ਨਾਲ
ਜਨਤਕ ਸਿਹਤ ਵਿਭਾਗ ਨੇ ਕੋਰੋਨਾਂ ਵਾਇਰਸ ਦੇ ਨਵੇਂ ਰੂਪ ਬੀ.1.1.7 ਦੇ ਪਹਿਲੇ ਕੇਸ ਦੀ ਵੀ ਪੁਸ਼ਟੀ ਕੀਤੀ ਹੈ। ਲਾਸ ਏਂਜਲਸ ਵਿੱਚ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਕੇਸ ਹੋਣ ਕਾਰਨ ਜਨਤਕ ਸਿਹਤ ਅਧਿਕਾਰੀਆਂ ਨੂੰ ਇਸਦੇ ਕਮਿਊਨਿਟੀ ਵਿੱਚ ਫੈਲਣ ਦਾ ਡਰ ਹੈ, ਜਿਸ ਕਰਕੇ ਵਿਭਾਗ ਵੱਲੋਂ ਨਮੂਨਿਆਂ ਦੀ ਜਾਂਚ ਜਾਰੀ ਹੈ।