ਕੈਲੀਫੋਰਨੀਆਂ ਯੂਨੀਵਰਸਿਟੀ ਨੇ ਲਗਵਾਈਆਂ ਕੋਰੋਨਾ ਟੈਸਟਾਂ ਲਈ ਵੈਂਡਿੰਗ ਮਸ਼ੀਨਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 7 ਜਨਵਰੀ 2021
ਕੈਲੀਫੋਰਨੀਆਂ ਯੂਨੀਵਰਸਿਟੀ ਨੇ ਸੈਨ ਡਿਏਗੋ ਕੈਂਪਸ ਵਿਚਲੇ ਵਿਦਿਆਰਥੀਆਂ ਲਈ ਕੋਰੋਨਾ ਵਾਇਰਸ ਟੈਸਟ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਸਰਲ ਬਨਾਉਣ ਦੇ ਮੰਤਵ ਨਾਲ ਟੈਸਟ ਲਈ ਲੋੜੀਦੀਆਂ ਕਿੱਟਾਂ ਮੁਹੱਈਆ ਕਰਵਾਉਣ ਲਈ ਵੈਂਡਿੰਗ ਮਸ਼ੀਨਾਂ ਦੀ ਵਰਤੋਂ ਸ਼ੁਰੂ ਕੀਤੀ ਹੈ।ਯੂਨੀਵਰਸਿਟੀ ਆਫ ਕੈਲੀਫੋਰਨੀਆਂ ਸੈਨ ਡਿਏਗੋ (ਯੂ ਸੀ ਐਸ ਡੀ) ਦੇ ਚਾਂਸਲਰ, ਪ੍ਰਦੀਪ ਖੋਸਲਾ ਅਨੁਸਾਰ ਮਹਾਂਮਾਰੀ ਦੇ ਦੌਰਾਨ ਸੰਸਥਾ ਵਿੱਚ ਵਾਇਰਸ ਦੀਆਂ ਸਾਵਧਾਨੀਆਂ ਪ੍ਰਤੀ ਪੂਰਾ ਧਿਆਨ ਰੱਖਿਆ ਗਿਆ ਹੈ ਜਦਕਿ 1 ਮਾਰਚ ਤੋਂ ਸਿਰਫ 581 ਵਿਦਿਆਰਥੀ, ਅਤੇ ਕੈਂਪਸ ਵਿੱਚ ਰਹਿੰਦੇ ਲੱਗਭਗ 10,000 ਵਿੱਚੋਂ 183 ਵਿਦਿਆਰਥੀਆਂ ਨੇ ਵਾਇਰਸ ਲਈ ਪਾਜੀਟਿਵ ਟੈਸਟ ਕੀਤਾ ਹੈ।ਸੰਸਥਾ ਦੇ ਅਧਿਕਾਰੀਆਂ ਨੇ ਹੁਣ ਟੈਸਟ ਨੂੰ ਵਧੇਰੇ ਵਿਆਪਕ ਰੂਪ ਵਿੱਚ ਉਪਲੱਬਧ ਕਰਾਉਣ ਲਈ ਇਹ ਨਵਾਂ ਉਪਰਾਲਾ ਕੀਤਾ ਹੈ।ਯੂਨੀਵਰਸਿਟੀ ਸਟੂਡੈਂਟਸ ਹੈਲਥ ਦੀ ਮੁਖੀ ਡਾ.ਏਂਜਲਾ ਸਾਈਓਸੀਆ ਅਨੁਸਾਰ ਸ਼ਨੀਵਾਰ ਤੋਂ ਲਾਗੂ ਹੋਏ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੁਆਰਾ ਆਪਣੀ ਸਹੂਲਤ ਅਨੁਸਾਰ ਕਿੱਟ ਲੈ ਕੇ ਵਰਤੋਂ ਤੋਂ ਬਾਅਦ ਕਿੱਟ ਫਿਰ ਡ੍ਰੌਪਬਾਕਸ ਵਿੱਚ ਵਾਪਸ ਕਰਨ ਤੋਂ ਬਾਅਦ ਟੈਸਟ ਦੇ ਨਤੀਜੇ ਜ਼ਿਆਦਾਤਰ ਉਸੇ ਦਿਨ ਹੀ ਵਿਦਿਆਰਥੀਆਂ ਦੇ ਪੋਰਟਲ ਤੇ ਅਪਲੋਡ ਕਰ ਦਿੱਤੇ ਜਾਂਦੇ ਹਨ।
ਸਾਈਓਸੀਆ ਅਨੁਸਾਰ ਮਸ਼ੀਨਾਂ ਦੁਆਰਾ ਬਿਨਾਂ ਕਿਸੇ ਕੀਮਤ ਦੇ ਸ਼ਨੀਵਾਰ ਨੂੰ ਕੁਝ ਸੌ , ਐਤਵਾਰ ਨੂੰ 1,000 ਤੋਂ ਵੱਧ ਅਤੇ ਸੋਮਵਾਰ ਨੂੰ 2,000 ਤੋਂ ਵੱਧ ਟੈਸਟ ਕਿੱਟਾਂ ਵੰਡੀਆਂ ਗਈਆਂ।ਯੂਨੀਵਰਸਿਟੀ ਅਨੁਸਾਰ ਵਿਦਿਆਰਥੀਆਂ ਲਈ ਸਮੈਸਟਰ ਸ਼ੁਰੂ ਕਰਨ ਮੌਕੇ ਟੈਸਟ ਲਾਜ਼ਮੀ ਹੁੰਦੇ ਹਨ । ਵਾਇਰਸ ਦਾ ਪਹਿਲਾ ਟੈਸਟ ਸੰਸਥਾ ਵਿੱਚ ਆਉਣ ਦੇ 24 ਘੰਟਿਆਂ ਦੇ ਅੰਦਰ, ਫਿਰ ਪੰਜ ਅਤੇ 10 ਦਿਨਾਂ ਬਾਅਦ ਕੀਤਾ ਜਾਂਦਾ ਹੈ। ਇਸਦੇ ਇਲਾਵਾ 10 ਦਿਨਾਂ ਦੇ ਟੈਸਟ ਤੋਂ ਬਾਅਦ, ਜਿਹੜੇ ਵਿਦਿਆਰਥੀ ਕੈਂਪਸ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਹਫਤਾਵਾਰੀ ਟੈਸਟ ਕਰਵਾਉਣਾ ਪੈਂਦਾ ਹੈ ਜਾਂ ਫਿਰ ਅਜਿਹਾ ਨਾਂ ਕਰਨ ਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ।