Political Special ਸਿਆਸੀ ਦਾਲ ’ਚ ਕੋਕੜੂ ਪੈਣ ਦੇ ਬਾਵਜੂਦ ਨੌਕਰਸ਼ਾਹਾਂ ਦਾ ਰਾਜਨੀਤੀ ’ਚ ਤਰਲੋਮੱਛੀ ਦਾ ਰੁਝਾਨ
ਅਸ਼ੋਕ ਵਰਮਾ
ਬਠਿੰਡਾ , 20 ਮਾਰਚ 2026 : ਖਾੜਕੂਵਾਦ ਦੌਰਾਨ ਲੰਮਾ ਸਮਾਂ ਰਾਸ਼ਟਰਪਤੀ ਰਾਜ ਰਹਿਣ ਕਾਰਨ ਪੰਜਾਬ ਦੀ ਅਫਸਰਸ਼ਾਹੀ ਦੇ ਮੂੰਹ ਨੂੰ ਸਰਕਾਰ ਦੀਆਂ ਲਗਾਮਾਂ ਆਪਣੇ ਹੱਥ ਰੱਖਣ ਦਾ ਖੂਨ ਲੱਗਣ ਕਰਕੇ ਸੇਵਾਮੁਕਤੀ ਪਿੱਛੋਂ ਸਰਕਾਰੀ ਅਧਿਕਾਰੀ ਸਿਆਸੀ ਚੋਲਾ ਪਾਉਣ ਲਈ ਤਰਲੋਮੱਛੀ ਹੋਣ ਲੱਗੇ ਹਨ। ਇਕੱਲੇ ਅਫਸਰਾਂ ਨੇ ਹੀ ਨਹੀਂ ਬਲਕਿ ਪੰਜਾਬ ਦੇ ਸਿਆਸੀ ਮੈਦਾਨ ’ਚ ਸੇਵਾਮੁਕਤ ਜੱਜਾਂ ਨੇ ਵੀ ਰਾਜਨੀਤੀ ਦਾ ਸਵਾਦ ਚੱਖਿਆ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਾਰਟੀ ਵਰਕਰਾਂ ਇਸ ਤੋਂ ਵੱਡੀ ਜੱਗੋ ਤੇਰ੍ਹਵੀਂ ਨਹੀਂ ਹੋ ਸਕਦੀ ਜੋ ਦਰੀਆਂ ਵਿਛਾਉਣ ਤੱਕ ਸੀਮਤ ਕੀਤੇ ਜਾ ਰਹੇ ਹਨ। ਸਾਬਕਾ ਅਧਿਕਾਰੀਆਂ ਦੀ ਸਿਆਸਤ ’ਚ ਸਫਲਤਾ ਦਰ ਬਹੁਤੀ ਵੱਡੀ ਨਾਂ ਹੋਣ ਦੇ ਬਾਵਜੂਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਰਾਜਨੀਤੀ ’ਚ ਅਫਸਰਸ਼ਾਹੀ ਦਾ ਉਲਾਰ ਹੈ ਜਿਸ ਦੀ ਮਿਸਾਲ ਨੌਕਰੀਆਂ ਤੋਂ ਅਸਤੀਫੇ ਦੇਕੇ ਚੋਣ ਮੈਦਾਨ ’ਚ ਕੁੱਦਣ ਤੋਂ ਮਿਲਦੀ ਹੈ।
ਤਾਜਾ ਮਾਮਲਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਪੱਛਮੀ ਬੰਗਾਲ ਕਾਡਰ ਦੇ 1993 ਬੈਚ ਦੇ ਸਾਬਕਾ ਆਈਏਐੱਸ ਅਧਿਕਾਰੀ ਕੰਵਲਜੀਤ ਸਿੰਘ ਚੀਮਾ ਨਾਲ ਜੁੜਿਆ ਹੈ। ਬਾਦਲ ਪ੍ਰੀਵਾਰ ਦੇ ਕਰੀਬੀ ਸਹਿਯੋਗੀਆਂ ਮੰਨੇ ਜਾਂਦੇ ਚੀਮਾ ਦੀ ਸ਼੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਨੇ ਇਹ ਦਰਸਾ ਦਿੱਤਾ ਹੈ ਕਿ ਸਿਆਸੀ ਲੀਡਰਾਂ ਨੂੰ ਵੱਜਦੇ ਸੈਲੂਟਾਂ ਅਤੇ ਤਾਮਝਾਮ ਭਰੀ ਜਿੰਦਗੀ ਨੂੰ ਦੇਖਦਿਆਂ ਅਫਸਰਸ਼ਾਹੀ ਨੂੰ ਰਾਜਨੀਤੀ ਭਰਮਾਉਣ ਲੱਗੀ ਹੋਈ ਹੈ। ਪੰਜਾਬ ਵਿੱਚ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਕੋਈ ਨੌਕਰਸ਼ਾਹ ਰਾਜਨੀਤੀ ’ਚ ਆਇਆ ਹੋਵੇ ਬਲਕਿ ਵੋਟਰਾਂ ਵੱਲੋਂ ਦਿੱਤੇ ਮੱਠੇ ਹੁੰਗਾਰੇ ਦੇ ਬਾਵਜੂਦ ਅਜਿਹੇ ਅਫਸਰਾਂ ਦੀ ਕਤਾਰ ਕਾਫੀ ਲੰਬੀ ਹੈ। ਇਸ ਦਿਸ਼ਾ ’ਚ ਸਿਵਲ ਸਰਵਿਸ ਛੱਡਕੇ ਰਾਜਨੀਤੀ ’ਚ ਕੁੱਦਣ ਵਾਲੇ ਸਿਰਦਾਰ ਕਪੂਰ ਸਿੰਘ ਤੋਂ ਇਲਾਵਾ ਆਈਪੀਐਸ ਵਰਗੀ ਵਕਾਰੀ ਨੌਕਰੀ ਤਿਆਗ ਕੇ ਰਾਜਨੀਤੀ ’ਚ ਆਉਣ ਵਾਲੇ ਸਿਮਰਨਜੀਤ ਸਿੰਘ ਮੋਹਰੀ ਹਨ।
ਪੁਲਿਸ ਵਿਭਾਗ ਚੋਂ ਰਾਜਨੀਤੀ ’ਚ ਆਉਣ ਵਾਲਿਆਂ ’ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਵੀ ਸ਼ਾਮਲ ਹੈ। ਆਈਏਐਸ ਅਧਿਕਾਰੀ ਸੋਮ ਪ੍ਰਕਾਸ਼ ਨੇ ਅਸਤੀਫਾ ਦੇਕੇ ਲੋਕ ਸਭਾ ਚੋਣ ਲੜੀ ਸੀ। ਆਈਏਐਸ ਅਫਸਰ ਡਾ ਸਵਰਨ ਸਿੰਘ ਨੇ ਵੀ ਰਾਜਨੀਤੀ ’ਚ ਕੁੱਦਣ ਲਈ ਨੌਕਰੀ ਤਿਆਗੀ ਸੀ। ਸਾਬਕਾ ਵਿਧਾਇਕ ਅਜੈਬ ਸਿੰਘ ਭੱਟੀ ਨੇ ਏਡੀਸੀ ਦੇ ਅਹੁਦੇ ਤੋਂ ਅਸਤੀਫਾ ਦੇਕੇ ਅਕਾਲੀਆਂ ਦੇ ਗੜ੍ਹ ਹਲਕਾ ਨਥਾਣਾ ਤੋਂ ਚੋਣ ਜਿੱਤੀ ਸੀ। ਬਾਦਲਾਂ ਦੇ ਨਜ਼ਦੀਕੀ ਮੰਨੇ ਜਾਂਦੇ ਸੇਵਾਮੁਕਤ ਆਈਏਐਸ ਅਫਸਰ ਦਰਬਾਰਾ ਸਿੰਘ ਗੁਰੂ ਨੂੰ ਭਦੌੜ ਅਤੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਨੂੰ ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਈਏਐਸ ਅਫਸਰ ਪਰਮਪਾਲ ਕੌਰ ਸਿੱਧੂ ਨੇ ਨੌਕਰੀ ਤੋਂ ਅਸਤੀਫਾ ਦੇਕੇ 2024 ’ਚ ਭਾਜਪਾ ਤਰਫੋਂ ਚੋਣ ਲੜੀ ਸੀ। ਖੇਡ ਵਿਭਾਗ ਦੇ ਡਾਇਰੈਕਟਰ ਉਲੰਪੀਅਨ ਪਰਗਟ ਸਿੰਘ ਪਹਿਲੀ ਵਾਰ 2012 ’ਚ ਚੋਣ ਜਿੱਤੇ ਸਨ।
ਬੀਬੀ ਪਰਮਜੀਤ ਕੌਰ ਗੁਲਸ਼ਨ ਪ੍ਰਿੰਸੀਪਲ ਦੀ ਨੌਕਰੀ ਤੋਂ ਅਸਤੀਫਾ ਦੇਕੇ ਲੋਕ ਸਭਾ ਚੋਣਾਂ 2004 ’ਚ ਫਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਬਣੇ ਸਨ। ਬੀਬੀ ਗੁਲਸ਼ਨ ਦੇ ਪਤੀ ਜਸਟਿਸ ਨਿਰਮਲ ਸਿੰਘ ਵੀ ਰਾਜਨੀਤੀ ’ਚ ਸਰਗਰਮ ਹਨ ਜਦੋਂਕਿ ਜਸਟਿਸ ਗੁਰਨਾਮ ਸਿੰਘ ਨੂੰ ਤਾਂ ਪੰਜਾਬ ਦੇ ਮੁੱਖ ਮੰਤਰੀ ਬਣਨ ਤੱਕ ਦਾ ਸੁਭਾਗ ਪ੍ਰਾਪਤ ਹੋਇਆ ਸੀ। ਦਿੱਲੀ ਪੁਲਿਸ ਦੇ ਕਮਿਸ਼ਨਰ ਵਜੋਂ ਚਰਚਿਤ ਰਹੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਪ੍ਰੀਤਮ ਸਿੰਘ ਭਿੰਡਰ ਨੇ ਵੀ ਵਿਧਾਨ ਸਭਾ ਚੋਣ ਲੜੀ ਸੀ। ਸ਼ੋਮਣੀ ਅਕਾਲੀ ਦਲ ਦੀ ਸਰਕਾਰ ’ਚ ਸਿੱਖਿਆ ਮੰਤਰੀ ਰਹੇ ਮਰਹੂਮ ਸੁਖਜਿੰਦਰ ਸਿੰਘ ਵੀ ਪੁਲਿਸ ਮਹਿਕਮੇ ਚੋਂ ਸਨ ਜਦੋਂਕਿ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ ਵੀ ਮਾਲ ਵਿਭਾਗ ’ਚ ਅਫਸਰ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਨਜ਼ਦੀਕੀ ਮੰਨਿਆ ਜਾਂਦਾ ਅਨੂਪ ਸਿੰਘ ਮਿਨਹਾਸ ਵੀ ਪੁਲਿਸ ਵਿਭਾਗ ਤੋਂ ਸੀ।
ਸੇਵਾਮੁਕਤ ਪੀਸੀਐਸ ਅਫਸਰ ਸ਼ਿਵ ਰਾਮ ਕਲੇਰ ਨੇ ਜਗਰਾਉਂ ਤੋਂ ਸ਼ੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਜਿੱਤੀ ਸੀ। ਕਾਂਗਰਸੀ ਆਗੂ ਸਾਬਕਾ ਏਡੀਜੀਪੀ ਗੁਰਵਿੰਦਰ ਸਿੰਘ ਢਿੱਲੋਂ , ਸਾਬਕਾ ਵਿਧਾਇਕ ਕੁਲਦੀਪ ਵੈਦ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਦੇ ਐਮਪੀ ਡਾ ਅਮਰ ਸਿੰਘ ਵੀ ਅਫਸਰ ਸਨ। ਸਾਬਕਾ ਆਈਏਐਸ ਅਫਸਰ ਸਵਰਨ ਸਿੰਘ ਚੰਨੀ ਭਾਜਪਾ ’ਚ ਹਨ। ਇੱਕ ਆਈਐਫਐਸ ਅਧਿਕਾਰੀ ਤਿਰਲੋਚਨ ਸਿੰਘ ਬੰਗਾ ਤੋਂ ਵਿਧਾਇਕ ਰਿਹਾ ਸੀ। ਸਿਰਫ ਨੌਕਰਸ਼ਾਹ ਹੀ ਨਹੀਂ ਬਲਕਿ ਉਨ੍ਹਾਂ ਦੀਆਂ ਜੀਵਨ ਸਾਥਣਾਂ ਵੀ ਸਿਆਸੀ ਮੁਕਾਬਲੇ ’ਚ ਕੁੱਦੀਆਂ ਹਨ। ਚਰਚਿਤ ਪੁਲਿਸ ਅਧਿਕਾਰੀ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੀ ਸੀ ਜਿਸ ਨੇ ਸਾਬਕਾ ਆਈਪੀਐਸ ਅਫਸਰ ਮੁਹੰਮਦ ਮੁਸਤਫਾ ਦੀ ਪਤਨੀ ਰਜੀਆ ਸੁਲਤਾਨਾ ਨੂੰ ਪਛਾੜਿਆ ਸੀ। ਵਜ਼ੀਰ ਹਰਭਜਨ ਸਿੰਘ ਈਟੀਓ ਵੀ ਪਹਿਲਾਂ ਸਰਕਾਰੀ ਅਫਸਰ ਸਨ। ਪੀਸੀਐਸ ਅਫਸਰ ਬਲਕਾਰ ਸਿੰਘ ਵੀ ਆਪ ’ਚ ਹਨ।
ਕਈਆਂ ਦੀ ਦਾਲ ਨਹੀਂ ਗਲੀ
ਕੁੱਝ ਸਾਬਕਾ ਅਫਸਰਾਂ ਨੇ ਵੱਡੇ ਇਕੱਠਾਂ ਰਾਹੀਂ ਸ਼ਕਤੀ ਪ੍ਰਦਰਸ਼ਨ ਕਰਕੇ ਸਿਆਸੀ ਧਿਰਾਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਕੀਤੇ ਸਨ ਪਰ ਸਫਲਤਾ ਨਹੀਂ ਮਿਲੀ। ਇੱਕ ਸੇਵਾਮੁਕਤ ਆਈਆਰਐਸ ਅਧਿਕਾਰੀ ਨੇ ਵੀ ਚੋਣ ਦੰਗਲ ’ਚ ਅਸਫਲਤਾ ਦਾ ਮੂੰਹ ਤੱਕਿਆ ਸੀ। ਹੋਰ ਵੀ ਕਾਫੀ ਸਰਕਾਰੀ ਅਫਸਰ ਹਨ ਜਿੰਨ੍ਹਾਂ ਨੇ ਰਾਜਨੀਤੀ ’ਚ ਦਾਖਲਾ ਲਿਆ ਪਰ ਦਾਲ ਨਹੀਂ ਗਲੀ ਹੈ।
Click to Follow Babushahi Facebook page →