PSEB 8TH Results: ਜੈਤੋ ਦੀ ਤਮੰਨਾ 100% ਅੰਕਾਂ ਨਾਲ ਰਹੀ ਸੂਬੇ 'ਚੋਂ ਅੱਵਲ
ਅੱਠਵੀਂ ਜਮਾਤ ਦਾ ਕੁੱਲ ਪਾਸ ਪ੍ਰਤੀਸ਼ਤ 96.51 ਰਿਹਾ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ; ਸੁਧਾਰਾਂ ਲਈ ਮਾਨ ਸਰਕਾਰ ਦੀ ਕੀਤੀ ਸ਼ਲਾਘਾ
ਚੰਡੀਗੜ੍ਹ, 10 ਅਪ੍ਰੈਲ 2026- ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਰੀਦਕੋਟ ਜ਼ਿਲ੍ਹੇ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ ਦੀ ਵਿਦਿਆਰਥਣ ਤਮੰਨਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ 600 ਵਿੱਚੋਂ 600 (100%) ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਬੋਰਡ ਵੱਲੋਂ ਇਹ ਨਤੀਜੇ ਵੀਰਵਾਰ ਦੇਰ ਸ਼ਾਮ ਘੋਸ਼ਿਤ ਕੀਤੇ ਗਏ।
ਮੈਰਿਟ ਸੂਚੀ ਵਿੱਚ ਕੁੜੀਆਂ ਦੀ ਸਰਦਾਰੀ
ਮੈਰਿਟ ਸੂਚੀ ਵਿੱਚ ਪਹਿਲੇ ਤਿੰਨੋਂ ਸਥਾਨਾਂ 'ਤੇ ਖੇਡ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦਾ ਕਬਜ਼ਾ ਰਿਹਾ।
- ਪਹਿਲਾ ਸਥਾਨ: ਤਮੰਨਾ (ਫਰੀਦਕੋਟ) - 600/600 ਅੰਕ।
- ਦੂਜਾ ਸਥਾਨ: ਜਪਨੀਤ ਕੌਰ (ਸਰਕਾਰੀ ਮਿਡਲ ਸਕੂਲ, ਅਰਕਵਾਸ, ਸੰਗਰੂਰ) - 598/600 ਅੰਕ (99.67%)।
- ਤੀਜਾ ਸਥਾਨ: ਜਸ਼ਨਦੀਪ ਕੌਰ (ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ, ਫਰੀਦਕੋਟ) - 598/600 ਅੰਕ (99.67%)।
ਇਸ ਸਾਲ ਅੱਠਵੀਂ ਦੀ ਪ੍ਰੀਖਿਆ ਵਿੱਚ ਕੁੱਲ 2,62,966 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,53,789 ਵਿਦਿਆਰਥੀ ਸਫ਼ਲ ਰਹੇ। ਇਸ ਤਰ੍ਹਾਂ ਸੂਬੇ ਦਾ ਕੁੱਲ ਪਾਸ ਪ੍ਰਤੀਸ਼ਤ 96.51 ਦਰਜ ਕੀਤਾ ਗਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਗਏ ਵਿਦਿਅਕ ਸੁਧਾਰਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਪ੍ਰਮਾਣ ਹਨ। ਬੈਂਸ ਨੇ ਜਿੱਥੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਉੱਥੇ ਹੀ ਪ੍ਰੀਖਿਆ ਪਾਸ ਨਾ ਕਰ ਸਕਣ ਵਾਲੇ ਬੱਚਿਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਨਿਰਾਸ਼ ਨਾ ਹੋਣ। ਉਨ੍ਹਾਂ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਅਕਾਦਮਿਕ ਮਦਦ ਕੀਤੀ ਜਾਵੇਗੀ ਤਾਂ ਜੋ ਉਹ ਅਗਲੀਆਂ ਕੋਸ਼ਿਸ਼ਾਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਣ।
Click to Follow Babushahi Facebook page →