Health Special ਕੈਂਸਰ ਦਾ ਕਹਿਰ : ਉੱਚੇ ਭਵਨਾਂ ’ਤੇ ਜੋਤਾਂ ਰਹੇ ਬਾਲਦੇ ਜ਼ਿੰਦਗੀ ਹਨੇਰ ਕੋਠੜੀ!!
ਅਸ਼ੋਕ ਵਰਮਾ
ਬਠਿੰਡਾ, 18 ਜੂਨ 2026 : ਨਾਮੁਰਾਦ ਕੈਂਸਰ ਕਾਰਨ ਪੰਜਾਬ ’ਚ ਸੈਂਕੜੇ ਬਦਨਸੀਬ ਮੌਤ ਨੂੰ ਉਡੀਕ ਰਹੇ ਹਨ। ਕੈਂਸਰ ਵਰਿ੍ਹਆਂ ਤੋਂ ਸੱਥਰ ਵਿਛਾ ਰਿਹਾ ਹੈ,ਕੋਈ ਫਿਕਰ ਕਰਨ ਵਾਲਾ ਹੀ ਨਹੀਂ। ਗੁਰਬਤ ਭੰਨੇ ਲੋਕਾਂ ਨੂੰ ਹੁਣ ਮਹਿੰਗੇ ਇਲਾਜ ਨਾਲੋਂ ਮੌਤ ਸਸਤੀ ਲੱਗਦੀ ਹੈ। ਸਰਕਾਰੀ ਖਜ਼ਾਨਾ ਵਸੀਲਾ ਬਣ ਜਾਂਦਾ ਤਾਂ ਇਨ੍ਹਾਂ ਨਾਲ ਇੰਜ ਨਹੀਂ ਹੋਣੀ ਸੀ। ਸਰਕਾਰਾਂ ਲਈ ਇਹ ਬਿਮਾਰੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪਿੱਛੇ ਜਿਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਸਰਕਾਰੀ ਕੈਂਸਰ ਹਸਪਤਾਲ ਦਾ ਦੌਰਾ ਕੀਤਾ ਸੀ ਜਿਸ ਤੋਂ ਮਰੀਜਾਂ ਨੂੰ ਨਵੀਂ ਆਸ ਬੱਝੀ ਹੈ। ਹਾਲਾਂਕਿ ਕੋਈ ਖਿੱਤਾ ਅਜਿਹਾ ਨਹੀਂ ਜਿੱਥੇ ਕੈਂਸਰ ਤੋਂ ਬਚਿਆ ਹੋਵੇ ਬਲਕਿ ਮਾਲਵਾ ਪੱਟੀ ਨੂੰ ਤਾਂ ਕੈਂਸਰ ਨੇ ਮੰਜੇ ਵਿੱਚ ਪਾ ਦਿੱਤਾ ਹੈ। ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਕੀਤੇ ਤੱਥ ਪੰਜਾਬ ਦੀ ਫਿਕਰਮੰਦੀ ਵਧਾਉਣ ਅਤੇ ਸਰਕਾਰਾਂ ਨੂੰ ਹਲੂਣਾ ਦੇਣ ਵਾਲੇ ਹਨ।
ਸੰਜੀਵ ਗੋਇਲ ਵੱਲੋਂ ਸਿਹਤ ਵਿਭਾਗ ਪੰਜਾਬ ਤੋਂ ਲੰਘੇ 9 ਸਾਲਾਂ ਸਬੰਧੀ ਹਾਸਲ ਸੂਚਨਾ ਮੁਤਾਬਕ ਪੰਜਾਬ ’ਚ ਕੈਂਸਰ ਦੇ ਕੁੱਲ ਮਰੀਜਾਂ ਦੀ ਗਿਣਤੀ 23 ਹਜ਼ਾਰ 711 ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਕੈਂਸਰ ਦਾ ਕਹਿਰ ਸਾਲ 2019 ’ਚ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਜਿਸ ਦੌਰਾਨ 7899 ਮਰੀਜ ਰਜਿਸ਼ਟਰਡ ਕੀਤੇ ਗਏ ਸਨ। ਰਾਹਤ ਵਾਲੀ ਗੱਲ ਇਹੋ ਰਹੀ ਕਿ ਇਸ ਤੋਂ ਬਾਅਦ ਇਹ ਅੰਕੜਾ ਘਟਿਆ ਹੈ। ਸਾਲ 2020 ’ਚ ਰਜਿਸ਼ਟਰਡ ਮਰੀਜਾਂ ਦੀ ਗਿਣਤੀ 3283 ਰਹੀ ਜਦੋਂਕਿ 2021 ’ਚ 3181 ਅਤੇ 2022 ’ਚ 2580 ਮਰੀਜ ਰਜਿਸ਼ਟਰਡ ਹੋਏ ਸਨ। ਉਸ ਤੋਂ ਬਾਅਦ ਦੇ ਤੱਥ ਸੂਚਨਾ ’ਚ ਸ਼ਾਮਲ ਨਹੀਂ ਹਨ। ਸੂਚਨਾ ਮੁਤਾਬਕ ਅੰਮ੍ਰਿਤਸਰ ਜਿਲ੍ਹੇ ’ਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਸਭ ਤੋਂ ਵੱਧ 3692 ਹੈ ਜਦੋਂਕਿ 2184 ਮਰੀਜਾਂ ਨਾਲ ਲੁਧਿਆਣਾ ਜਿਲ੍ਹੇ ਦਾ ਦੂਸਰਾ ਸਥਾਨ ਹੈ। ਇਸੇ ਤਰਾਂ ਤੀਸਰੇ ਸਥਾਨ ਤੇ ਸੰਗਰੂਰ ਜਿਲ੍ਹਾ ਹੈ ਜਿੱਥੇ ਇੰਨ੍ਹਾਂ ਮਰੀਜਾਂ ਦਾ ਅੰਕੜਾ 1984 ਹੈ।
ਸੂਚਨਾ ਅਨੁਸਾਰ ਚੌਥੇ ਸਥਾਨ ’ਤੇ ਗੁਰਦਾਸਪੁਰ ਜਿਲ੍ਹੇ ’ਚ 1832 ਅਤੇ ਪੰਜਵੇਂ ਸਥਾਨ ’ਤੇ ਜਲੰਧਰ ਜਿਲ੍ਹੇ ’ਚ ਮਰੀਜਾਂ ਦੀ ਗਿਣਤੀ 1704 ਦੱਸੀ ਗਈ ਹੈ। ਪਟਿਆਲਾ ਜਿਲ੍ਹੇ ’ਚ ਮਰੀਜਾਂ ਦੀ ਗਿਣਤੀ 1521, ਬਠਿੰਡਾ ’ਚ 1314, ਤਰਨ ਤਾਰਨ ’ਚ 1227 ਅਤੇ ਹੁਸ਼ਿਆਰਪੁਰ ’ਚ ਇਹ ਗਿਣਤੀ 1056 ਰਹੀ ਹੈ। ਮੋਗਾ ਜਿਲ੍ਹੇ ’ਚ ਮਰੀਜਾਂ ਦੀ ਗਿਣਤੀ 846 ਸਾਹਮਣੇ ਆਈ ਹੈ ਜਦੋਂਕਿ ਮਾਨਸਾ ਜਿਲ੍ਹੇ ’ਚ 784 , ਮੁਕਤਸਰ ਜਿਲ੍ਹੇ ’ਚ ਇਹ ਅੰਕੜਾ 722 , ਬਰਨਾਲਾ ’ਚ 704 , ਫਿਰੋਜ਼ਪੁਰ ’ਚ 619 ਅਤੇ ਕਪੂਰਥਲਾ ਜਿਲ੍ਹੇ ’ਚ 601 ਮਰੀਜ ਦੱਸੇ ਗਏ ਹਨ। ਜਿਕਰਯੋਗ ਇਹ ਵੀ ਹੈ ਕਿ ਪੰਜਾਬ ਦੇ ਸਮੂਹ 23 ਜਿਲਿ੍ਹਆਂ ਚੋਂ ਇੱਕ ਵੀ ਅਜਿਹਾ ਨਹੀਂ ਹੈ ਜਿੱਥੇ ਮਰੀਜਾਂ ਦੀ ਗਿਣਤੀ ਬਿਲਕੁਲ ਨਾਂ ਹੋਵੇ। ਸਿਹਤ ਵਿਭਾਗ ਦੇ ਇੱਕ ਸੇਵਾਮੁਕਤ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਪੰਜਾਬ ਦੇ ਕਾਫੀ ਬੱਚੇ ਵੀ ਹੁਣ ਸਕੂਲਾਂ ਵਿੱਚ ਪੜ੍ਹਨ ਨਹੀਂ ਜਾਂਦੇ ਅਤੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਪਿਛਲੇ ਕੁੱਝ ਸਾਲਾਂ ’ਚ ਸਥਿਤੀ ਸੰਭਲੀ ਹੈ ਨਹੀਂ ਤਾਂ ਕਈ ਮਰੀਜ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਲਾਜ ਲਈ ਪਾਈ ਵੀ ਨਹੀਂ ਜੁੜ ਸਕੀ ਅਤੇ ਉਹ ਜਹਾਨੋਂ ਚਲੇ ਗਏ। ਬਠਿੰਡਾ , ਮਾਨਸਾ ਅਤੇ ਮੁਕਤਸਰ ਜਿਲ੍ਹੇ ਦੇ ਕਈ ਪਿੰਡਾਂ ’ਚ ਕੈਂਸਰ ਦੇ ਕਹਿਰ ਨੇ ਕਈ ਘਰ ਹਿਲਾ ਕੇ ਰੱਖ ਦਿੱਤੇ ਹਨ। ਕਈ ਪ੍ਰੀਵਾਰ ਤਾਂ ਏਦਾਂ ਦੇ ਵੀ ਹਨ ਜਿੰਨ੍ਹਾਂ ’ਚ ਕੈਂਸਰ ਕਾਰਨ ਇੱਕ ਤੋਂ ਵੱਧ ਮੌਤਾਂ ਹੋਈਆਂ ਹਨ। ਕਈ ਪ੍ਰੀਵਾਰਾਂ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਆਪਣੇ ਮਰੀਜਾਂ ਦਾ ਇਲਾਜ ਕਰਵਾਉਣ ਦੇ ਚੱਕਰ ’ਚ ਜ਼ਮੀਨਾਂ ਅਤੇ ਗਹਿਣੇ ਤੱਕ ਵਿਕ ਗਏ ਹਨ। ਮਹਿੰਗੇ ਇਲਾਜ ਕਰਕੇ ਗਰੀਬ ਮਰੀਜ਼ਾਂ ਕੋਲ ਤਾਂ ਸਿਵਾਏ ਅਰਦਾਸ ਕਰਨ ਤੋਂ ਕੋਈ ਚਾਰਾ ਨਹੀਂ ਬਚਦਾ ਹੈ। ਦੱਸਣਯੋਗ ਹੈ ਕਿ ਕੈਂਸਰ ਦਾ ਕਹਿਰ ਵਧਣ ਕਰਕੇ ਬਠਿੰਡਾ ਵਿੱਚ ਕੈਂਸਰ ਦੇ ਪ੍ਰਾਈਵੇਟ ਹਸਪਤਾਲ ਵੀ ਵਧਣ ਲੱਗੇ ਹਨ ਪਰ ਲੋਕ ‘ਆਪ’ ਸਰਕਾਰ ਤੋਂ ਵੱਡੀਆਂ ਉਮੀਦਾਂ ਲਾਈ ਬੈਠੇ ਹਨ।
ਮੁੱਖ ਮੰਤਰੀ ਦਖਲ ਦੇਣ: ਗੋਇਲ
ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਪੰਜਾਬ ਵਿਚ ਕੈਂਸਰ ਵਾਰੇ ਚੇਤਨਤਾ ਪ੍ਰੋਗਰਾਮ ਨਹੀਂ ਹੈ ਅਤੇ ਕੈਂਸਰ ਕੇਸ ਉਦੋਂ ਡਿਟੈਕਟ ਹੁੰਦੇ ਹਨ ਜਦੋਂ ਮਰੀਜ਼ ਤੀਸਰੇ ਜਾਂ ਆਖਰੀ ਪੜਾਅ ਤੇ ਹੁੰਦਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਕੈਂਸਰ ਦੀ ਜੜ ਲੱਭਣ ਲਈ ਵਿਸਥਾਰਤ ਖੋਜ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਲੋਕ ਇਸ ਬਿਮਾਰੀ ਤੋਂ ਬਚ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿੱਤੀ ਮਦਦ ਦੀ ਰਾਸ਼ੀ ਵਿਚ ਵਾਧਾ ਕੀਤਾ ਜਾਵੇ ਕਿਉਂਕਿ ਇਲਾਜ ਤੇ ਬਾਕੀ ਖਰਚਾ ਹੁਣ ਕਾਫ਼ੀ ਮਹਿੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖਾਣ ਪੀਣ ’ਚ ਵੀ ਤਬਦੀਲੀ ਕਰਨੀ ਪਵੇਗੀ ਕਿਉਂਕਿ ਕਈ ਪਦਾਰਥਾਂ ਬਾਰੇ ਸ਼ੱਕ ਕੀਤਾ ਜਾਂਦਾ ਹੈ ਕਿ ਉਹ ਕੈਂਸਰ ਦਾ ਕਾਰਨ ਬਣਦੇ ਹਨ।
ਸਰਕਾਰੀ ਖਰਚ ’ਤੇ ਹੋਵੇ ਇਲਾਜ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੂਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ਤਹਿਤ ਮਰੀਜ਼ਾਂ ਦੇ ਇਲਾਜ ਲਈ ਡੇਢ ਲੱਖ ਰੁਪਏ ਦੀ ਵਿੱਤੀ ਮਦਦ ਦੇ ਰਹੀ ਹੈ ਜੋ ਨਾਕਾਫੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੈਂਸਰ ਪੀੜਤਾਂ ਦੇ ਟੈਸਟਾਂ ਤੇ ਦਵਾਈਆਂ ਦਾ ਖਰਚਾ ਚੁੱਕਣ ਸਮੇਤ ਮੁਕੰਮਲ ਇਲਾਜ ਮੁਫ਼ਤ ਕਰਵਾਏ । ਉਨ੍ਹਾਂ ਕਿਹਾ ਕਿ ਗ਼ਰੀਬ ਤਾਂ ਇਲਾਜ ’ਚ ਹੀ ਕਰਜ਼ਾਈ ਹੋ ਰਹੇ ਹਨ ਅਤੇ ਬਹੁਤਿਆਂ ਨੂੰ ਜਿੰਦਗੀ ਜਵਾਬ ਦੇ ਰਹੀ ਹੈ
- Download Babushahi App
-
-