CM ਮਾਨ ਨੇ ਮਜੀਠੀਆ ਦਾ ਨਾਮ ਲਏ ਬਗੈਰ ਕੀਤਾ ਤਿੱਖਾ ਹਮਲਾ; ਕਿਹਾ- "ਜ਼ਮਾਨਤਾਂ 'ਤੇ ਬਾਹਰ ਆਏ ਲੋਕ, ਦੇ ਰਹੇ ਨੇ ਮੁੱਛਾਂ ਨੂੰ ਵੱਟ"
"ਪਰਮਾਤਮਾ ਦੀ ਕਚਹਿਰੀ 'ਚ ਅਮਲਾਂ ਦੇ ਹੋਣਗੇ ਨਬੇੜੇ"— ਨਸ਼ਿਆਂ ਵਿਰੁੱਧ ਜੰਗ ਦੇ ਦੂਜੇ ਪੜਾਅ ਤਹਿਤ ਹੁਣ ਸਕੂਲਾਂ 'ਚ ਹੋਵੇਗੀ ਕੌਂਸਲਿੰਗ
ਮੋਗਾ/ਕਿਲੀ ਚਹਿਲਾਂ, 16 ਫਰਵਰੀ 2026- ਮੋਗਾ ਦੀ 'ਮੈਗਾ ਰੈਲੀ' ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਿਨਾਂ ਉਨ੍ਹਾਂ 'ਤੇ ਸਖ਼ਤ ਨਿਸ਼ਾਨਾ ਸਾਧਿਆ। ਮਾਨ ਨੇ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਦੇ ਮਾਮਲਿਆਂ ਵਿੱਚ ਜ਼ਮਾਨਤਾਂ 'ਤੇ ਬਾਹਰ ਆ ਕੇ ਮੁੱਛਾਂ ਨੂੰ ਵੱਟ ਦੇ ਰਹੇ ਹਨ, ਉਹ ਭੁੱਲ ਜਾਣ ਕਿ ਉਹ ਬਚ ਗਏ ਹਨ। ਉਨ੍ਹਾਂ ਕਿਹਾ ਕਿ ਦੁਨਿਆਵੀ ਕਚਹਿਰੀਆਂ ਤੋਂ ਸ਼ਾਇਦ ਛੁੱਟ ਜਾਣ, ਪਰ ਪਰਮਾਤਮਾ ਦੀ ਕਚਹਿਰੀ ਵਿੱਚ ਸਿਰਫ਼ ਅਮਲਾਂ ਦੇ ਨਬੇੜੇ ਹੁੰਦੇ ਹਨ।
ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਵਰ੍ਹਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਨੂੰ ਇੰਨਾ ਲੁੱਟਿਆ ਹੈ ਕਿ ਉਨ੍ਹਾਂ ਨੇ ਤਾਂ ਸਮੋਸਿਆਂ ਦੀਆਂ ਰੇੜ੍ਹੀਆਂ ਤੱਕ ਵਿੱਚ ਵੀ ਹਿੱਸਾ ਪਾਇਆ ਹੋਇਆ ਸੀ। ਉਨ੍ਹਾਂ ਕਿਹਾ, "ਅਸੀਂ ਰੋਜ਼ਾਨਾ ਨੌਕਰੀਆਂ ਦੇ ਅੰਕੜੇ ਦੇ ਰਹੇ ਹਾਂ, ਜਦਕਿ ਇਨ੍ਹਾਂ ਨੇ ਪੰਜਾਬ ਨੂੰ ਸਿਰਫ਼ ਸਰਿੰਜਾਂ ਅਤੇ ਟੀਕੇ ਦਿੱਤੇ। ਇਹ ਲੋਕਾਂ ਦੇ ਕਾਤਲ ਹਨ ਅਤੇ ਇਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ।" ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਨਸ਼ਿਆਂ ਵਿਰੁੱਧ ਲੜਾਈ ਨੂੰ ਅਗਲੇ ਪੜਾਅ 'ਤੇ ਲਿਜਾਇਆ ਜਾ ਰਿਹਾ ਹੈ, ਜਿਸ ਵਿੱਚ ਸਕੂਲਾਂ ਅਤੇ ਮਾਪਿਆਂ ਦੀ ਭੂਮਿਕਾ ਅਹਿਮ ਹੋਵੇਗੀ।
ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਮਾਹਿਰ ਕੌਂਸਲਰ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਬਾਰੇ ਜਾਗਰੂਕ ਕਰਨਗੇ। ਮਾਨ ਨੇ ਕਿਹਾ ਕਿ ਬੱਚਿਆਂ ਦੀ ਉਮਰ ਕੋਰੇ ਕਾਗਜ਼ ਵਰਗੀ ਹੁੰਦੀ ਹੈ। ਅਕਸਰ 'ਯਾਰੀ-ਦੋਸਤੀ' ਦਾ ਵਾਸਤਾ ਪਾ ਕੇ ਨੌਜਵਾਨਾਂ ਨੂੰ ਚਿੱਟੇ ਦੀ ਦਲਦਲ ਵਿੱਚ ਧੱਕਿਆ ਜਾਂਦਾ ਹੈ, ਜਿਸ ਨੂੰ ਰੋਕਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਸੰਗਤ ਅਤੇ ਹਰ ਹਰਕਤ 'ਤੇ ਨਿਗ੍ਹਾ ਰੱਖਣ। ਜੇਕਰ ਬੱਚਾ ਘਰੋਂ ਬਾਹਰ ਜਾਂਦਾ ਹੈ ਜਾਂ ਲੇਟ ਆਉਂਦਾ ਹੈ, ਤਾਂ ਮਾਪਿਆਂ ਨੂੰ ਚੌਕਸ ਰਹਿਣਾ ਪਵੇਗਾ।
ਮਾਨ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨਸ਼ਾ ਤਸਕਰਾਂ ਨੂੰ ਕੋਈ 'ਨਵਾਂ ਗਾਹਕ' ਨਾ ਮਿਲੇ। ਜਦੋਂ ਮੰਗ (Demand) ਖ਼ਤਮ ਹੋ ਜਾਵੇਗੀ, ਤਾਂ ਤਸਕਰ ਆਪਣੇ ਆਪ ਪੰਜਾਬ ਛੱਡ ਕੇ ਭੱਜ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਕੁਰਬਾਨੀਆਂ ਵਾਲੇ ਲੋਕ ਹਨ ਅਤੇ ਉਹ ਆਪਣੀ ਜਵਾਨੀ ਨੂੰ ਇੰਝ ਬਰਬਾਦ ਨਹੀਂ ਹੋਣ ਦੇਣਗੇ।