CGC ਯੂਨੀਵਰਸਿਟੀ ਮੋਹਾਲੀ ਵਿਖੇ ਕੌਮਾਂਤਰੀ ਸੰਮੇਲਨ ਦਾ ਆਯੋਜਨ
ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਦੇ ਖੋਜਕਰਤਾਵਾਂ, ਅਕਾਦਮਿਕ ਮਾਹਿਰਾਂ ਅਤੇ ਉਦਯੋਗਿਕ ਪੇਸ਼ੇਵਰਾਂ ਨੇ ਹਿੱਸਾ ਲਿਆ
ਮੋਹਾਲੀ, 24 ਦਸੰਬਰ 2025- ਸੀ.ਜੀ.ਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਇੰਟਰਨੈਸ਼ਨਲ ਸਿੰਪੋਜ਼ੀਅਮ ਆਨ ਐਡਵਾਂਸਡ ਇਲੈਕਟ੍ਰੀਕਲ ਐਂਡ ਕਮਿਊਨੀਕੇਸ਼ਨ ਟੈਕਨਾਲੋਜੀਜ਼ ਨਾਮਕ ਸੰਸਥਾ ਦੇ ਸਹਿਯੋਗ ਨਾਲ ਕੌਮਾਂਤਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸੰਸਥਾ ਦੇ ਦਿੱਲੀ ਸੈਕਸ਼ਨ ਦੇ ਤਕਨੀਕੀ ਸਹਿਯੋਗ ਨਾਲ ਕਰਵਾਏ ਗਏ ਇਸ ਅਕਾਦਮਿਕ ਕੌਮਾਂਤਰੀ ਸੰਮੇਲਨ ਵਿੱਚ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਦੇ ਖੋਜਕਰਤਾਵਾਂ, ਅਕਾਦਮਿਕ ਮਾਹਿਰਾਂ ਅਤੇ ਉਦਯੋਗਿਕ ਪੇਸ਼ੇਵਰਾਂ ਨੇ ਹਿੱਸਾ ਲਿਆ। ਇਸ ਦਾ ਉਦੇਸ਼ ਇਲੈਕਟ੍ਰੀਕਲ ਇੰਜੀਨੀਅਰਿੰਗ, ਇੰਟੈਲੀਜੈਂਸ ਸਿਸਟਮ, ਇੰਟਰਨੈੱਟ ਆਫ਼ ਥਿੰਗਸ ਅਤੇ ਅਗਲੀ ਪੀੜ੍ਹੀ ਦੇ ਕਮਿਊਨੀਕੇਸ਼ਨ ਫਰੇਮ ਵਰਕ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਸੀ। ਯੂਨੀਵਰਸਿਟੀ ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਦੀ ਸਰਪ੍ਰਸਤੀ ਹੇਠ ਕਰਵਾਏ ਗਏ।
ਇਸ ਕੌਮਾਂਤਰੀ ਸਮਾਗਮ ਵਿਚ ਯੂਨਾਈਟਿਡ ਕਿੰਗਡਮ, ਦੱਖਣੀ ਕੋਰੀਆ, ਮੋਰਾਕੋ, ਬੰਗਲਾਦੇਸ਼, ਅਮਰੀਕਾ, ਸਾਉਦੀ ਅਰਬ, ਮਲੇਸ਼ੀਆ ਅਤੇ ਕੈਨੇਡਾ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਖੋਜ ਪੱਤਰ ਪ੍ਰਾਪਤ ਹੋਏ। ਮੋਰਾਕੋ ਦੀ ਇਬਨ ਤੋ ਫੈਲ ਯੂਨੀਵਰਸਿਟੀ ਅਤੇ ਚੀਮਾ ਬੋਇਲਰਜ਼ ਲਿਮਟਿਡ, ਪੰਜਾਬ ਦੇ ਸਹਿਯੋਗ ਨੇ ਇਸ ਕਾਨਫ਼ਰੰਸ ਨੂੰ ਅਕਾਦਮਿਕ ਅਤੇ ਉਦਯੋਗਿਕ ਪੱਖੋਂ ਹੋਰ ਮਜ਼ਬੂਤ ਬਣਾਇਆ। ਕਾਨਫ਼ਰੰਸ ਵਿੱਚ ਖੋਜ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਗਿਆ। ਪ੍ਰਾਪਤ ਹੋਏ ਖੋਜ ਪੱਤਰਾਂ ਵਿੱਚੋਂ ਕੇਵਲ 32% ਖੋਜ ਪੱਤਰ ਹੀ ਸਵੀਕਾਰ ਕੀਤੇ ਗਏ। ਇਹ ਸਾਰੇ ਪੱਤਰ ਕੌਮਾਂਤਰੀ ਡਾਟਾਬੇਸ ਵਿੱਚ ਸ਼ਾਮਲ ਕੀਤੇ ਜਾਣਗੇ।
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਇੱਕ ਅਜਿਹਾ ਵਿਸ਼ਵ ਪੱਧਰੀ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ ਜਿੱਥੇ ਉਹ ਨਵੀਨਤਮ ਤਕਨੀਕੀ ਤਬਦੀਲੀਆਂ ਬਾਰੇ ਸਿੱਖ ਸਕਣ। ਇਸ ਤਰਾਂ ਦੇ ਸਮਾਗਮ ਨਾ ਸਿਰਫ਼ ਗਿਆਨ ਦਾ ਆਦਾਨ-ਪ੍ਰਦਾਨ ਕਰਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਦੇ ਯੋਗ ਬਣਾਉਂਦੇ ਹਨ। ਅਸੀਂ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਮੋਹਰੀ ਰਹਿਣ ਲਈ ਵਚਨਬੱਧ ਹਾਂ। ਸਾਨੂੰ ਖ਼ੁਸ਼ੀ ਹੈ ਕਿ ਸੀ.ਜੀ.ਸੀ. ਯੂਨੀਵਰਸਿਟੀ ਗਲੋਬਲ ਖੋਜ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ।
ਸਮਾਗਮ ਦੌਰਾਨ ਦੇਸ਼-ਵਿਦੇਸ਼ ਦੇ ਨਾਮਵਰ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਵਿੱਚ ਡਾ. ਸੰਗਰਾਪਿੱਲਈ ਲੰਬੋਥਰਨ (ਯੂ.ਕੇ.), ਡਾ. ਮੱਲੀਪੇਡੀ ਰਾਮਮੋਹਨ (ਦੱਖਣੀ ਕੋਰੀਆ), ਡਾ. ਵਾਈ. ਵੀ. ਪਵਨ ਕੁਮਾਰ ਅਤੇ ਦਿੱਲੀ ਚੈਪਟਰ ਦੇ ਚੇਅਰਮੈਨ ਡਾ. ਅਬਦੁਲ ਕਯੂਮ ਅੰਸਾਰੀ ਸ਼ਾਮਲ ਸਨ। ਇਸ ਤੋਂ ਇਲਾਵਾ ਚੀਮਾ ਬੋਇਲਰਜ਼ ਦੇ ਐੱਮ.ਡੀ. ਡਾ. ਹਰਜਿੰਦਰ ਸਿੰਘ ਚੀਮਾ ਨੇ ਵੀ ਉਦਯੋਗਿਕ ਨਵੀਨਤਾ ਬਾਰੇ ਜਾਣਕਾਰੀ ਦਿੱਤੀ। ਤਿੰਨ ਦਿਨ ਚੱਲੇ ਇਸ ਸਮਾਗਮ ਦੇ ਅੰਤ ਵਿੱਚ ਕਾਨਫ਼ਰੰਸ ਚੇਅਰ ਡਾ. ਪ੍ਰਦੀਪ ਰੈਡੀ ਨੇ ਸਭ ਦਾ ਧੰਨਵਾਦ ਕੀਤਾ। ਕਾਨਫ਼ਰੰਸ ਦੇ ਜਨਰਲ ਕੋ-ਚੇਅਰ ਡਾ. ਵਿਕਾਸ ਦੀਪ ਸਿੰਘ ਮਾਨ ਦੀ ਅਗਵਾਈ ਹੇਠ ਇਹ ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹਿਆ।