Crime Special ਪੰਜਾਬ ਪੁਲਿਸ ਦੀ ਸਖਤੀ ਦੇ ਬਾਵਜੂਦ ਪ੍ਰਭਾਵਸ਼ਾਲੀ ਲੋਕਾਂ ਨੂੰ ਲੱਗਣ ਲੱਗਾ ਠੱਗੀਆਂ ਦੀ ਅੱਗ ਦਾ ਸੇਕ
ਅਸ਼ੋਕ ਵਰਮਾ
ਬਠਿੰਡਾ, 24 ਦਸੰਬਰ 2025: ਖੁਦ ਨੂੰ ਗੋਲੀ ਮਾਰਕੇ ਖੁਦਕਸ਼ੀ ਦੀ ਕੋਸ਼ਿਸ਼ ਕਰਨ ਵਾਲੇ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਤੋਂ ਕਰੋੜਾਂ ਠੱਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਆਮ ਲੋਕਾਂ ਦੇ ਨਾਲ ਨਾਲ ਸੇਵਾਮੁਕਤ ਅਧਿਕਾਰੀ ,ਡਾਕਟਰ ਅਤੇ ਸਨਅਤਕਾਰ ਤੱਕ ਸਾਈਬਰ ਠੱਗਾਂ ਦੇ ਸ਼ਿਕਾਰ ਹੋ ਰਹੇ ਹਨ। ਤੱਥਾਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ’ਚ ਸਾਈਬਰ ਠੱਗੀਆਂ ਦੇ ਮਾਮਲਿਆਂ ਵਿੱਚ ਤੇਜੀ ਆਈ ਹੈ। ਪੁਲਿਸ ਵੱਲੋਂ ਠੱਗਾਂ ਖਿਲਾਫ ਸਖਤੀ ਦੇ ਬਾਵਜੂਦ ਇੱਕ ਸਾਲ ਦੌਰਾਨ ਸਾਈਬਰ ਠੱਗੀਆਂ ਦੇ ਮਾਮਲੇ 95 ਫੀਸਦੀ ਤੱਕ ਵਧੇ ਹਨ। ਸਾਲ 2023 ਅਤੇ 2024 ’ਚ ਡਿਜ਼ੀਟਲ ਹਾਊਸ ਅਰੈਸਟ, ਘਰਾਂ ਦੇ ਫਰਜ਼ੀ ਪਤਿਆਂ ਅਤੇ ਫਰਜ਼ੀ ਕੰਪਨੀਆਂ ਦੇ ਨਾਮ ਹੇਠ ਸਾਈਬਰ ਠੱਗੀਆਂ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ। ਪੁਲਿਸ ਦੇ ਅੰਕੜਿਆਂ ਅਨੁਸਾਰ 2023 ਦੌਰਾਨ ਸਾਈਬਰ ਠੱਗੀਆਂ ਦੇ ਤਕਰੀਬਨ 600 ਮਾਮਲੇ ਦਰਜ ਹੋਏ ਸਨ ਜਦੋਂਕਿ 2024 ’ਚ ਇਹ ਅੰਕੜਾ 12 ਹਜ਼ਾਰ ਤੋਂ ਵੱਧ ਗਿਆ।
ਇੰਨ੍ਹਾਂ ਮਾਮਲਿਆਂ ’ਚ 300 ਕਰੋੜ ਤੋਂ ਵੱਧ ਦੀ ਰਕਮ ਠੱਗੀ ਗਈ ਹੈ। ਪੁਲਿਸ ਤਫਤੀਸ਼ ਦੌਰਾਨ ਭੇਦ ਖੁੱਲਿ੍ਹਆ ਹੈ ਕਿ ਠੱਗਾਂ ਕੋਲ ਪੀੜਤਾਂ ਦੇ ਘਰ ਦਾ ਪੂਰਾ ਪਤਾ, ਪ੍ਰੀਵਾਰਕ ਜਾਣਕਾਰੀ ਅਤੇ ਬੈਂਕ ਡਾਟਾ ਪਹਿਲਾਂ ਤੋਂ ਹੀ ਮੌਜੂਦ ਸੀ। ਡਾਟੇ ਦੇ ਸਰੋਤਾਂ ’ਚ ਇੰਟਰਨੈਟ ਮੀਡੀਆ, ਈਕਾਮਰਸ ਪਲੇਟਫਾਰਮ ਅਤੇ ਲੀਕ ਐਪਸ ਸ਼ਾਮਲ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਆਦਾ ਪੜ੍ਹੇ ਲਿਖਿਆਂ ਦੇ ਠੱਗਾਂ ਦੇ ਸ਼ਿਕਾਰ ਬਣਨ ਦਾ ਕਾਰਨ ਉਨ੍ਹਾਂ ਦਾ ਕਾਨੂੰਨ ਅਤੇ ਸਿਸਟਮ ’ਚ ਜਿਆਦਾ ਭਰੋਸਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਠੱਗ ਸਰਕਾਰੀ ਭਾਸ਼ਾ ਅਤੇ ਉੱਚੇ ਅਹੁਦਿਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਭਰਮਾ ਲੈਂਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਈਬਰ ਠੱਗਾਂ ਵੱਲੋਂ ਵਿਦੇਸ਼ੀ ਮੋਬਾਇਲ ਨੰਬਰਾਂ ਜਰੀਏ ਸੰਗਠਿਤ ਗਿਰੋਹਾਂ ਦੀ ਸਹਾਇਤਾ ਨਾਲ ਠੱਗੀਆਂ ਦਾ ਕੌਮਾਂਤਰੀ ਨੈਟਵਰਕ ਚਲਾਇਆ ਜਾ ਰਿਹਾ ਹੈ। ਠੱਗ ਕੌਮਾਂਤਰੀ ਕਾਲਾਂ ਅਤੇ ਨੰਬਰਾਂ ਰਾਹੀਂ ਦੁਬਈ ,ਮਿਆਂਮਾਰ, ਨੇਪਾਲ ਅਤੇ ਕੰਬੋਡੀਆ ਤੋਂ ਪੰਜਾਬ ’ਚ ਠੱਗੀਆਂ ਮਾਰ ਰਹੇ ਹਨ।
ਜੁਲਾਈ 2023 ’ਚ ਸੇਵਾਮੁਕਤ ਆਈਏਐਸ ਅਫਸਰ ਆਰ ਕੇ ਵਰਮਾ ਨੂੰ ਠੱਗਾਂ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਦੱਸਦਿਆਂ ਵੀਡੀਓ ਕਾਲ ਰਾਹੀਂ ਡਿਜੀਟਲ ਅਰੈਸਟ ਰੱਖਿਆ ਅਤੇ ਤਿੰਨ ਦਿਨ ਘਰੋਂ ਬਾਹਰ ਨਾਂ ਨਿਕਲਣ ਅਤੇ ਕਿਸੇ ਨਾਲ ਗੱਲ ਨਾਂ ਕਰਨ ਦਾ ਦਬਾਅ ਬਣਾਇਆ। ਠੱਗਾਂ ਨੇ ਇਸ ਦੌਰਾਨ ਵੱਖ ਵੱਖ ਖਾਤਿਆਂ ’ਚ 1 ਕਰੋੜ 20 ਲੱਖ ਰੁਪਏ ਟਰਾਂਸਫਰ ਕਰਵਾ ਲਏ। ਨਵੰਬਰ 2023 ’ਚ ਲੁਧਿਆਣਾ ਦੇ ਸਨਅਤਕਾਰ ਸੰਜੇ ਗੁਪਤਾ ਨੂੰ ਫਰਜੀ ਈਡੀ ਅਧਿਕਾਰੀ ਬਣਕੇ ਫੋਨ ਕੀਤਾ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਠੱਗਾਂ ਕੋਲ ਉਨ੍ਹਾਂ ਦੇ ਘਰ ਦਾ ਪਤਾ ਅਤੇ ਬੈਂਕ ਖਾਤਿਆਂ ਦੇ ਵੇਰਵੇ ਮੌਜੂਦ ਸਨ। ਠੱਗਾਂ ਨੇ ਡਰ ਦਿਖਾਕੇ ਸੰਜੇ ਗੁਪਤਾ ਤੋਂ 80 ਲੱਖ ਰੁਪਏ ਟਰਾਂਸਫਰ ਕਰਵਾ ਲਏ। ਫਰਵਰੀ 2024 ਦੌਰਾਨ ਅੰਮ੍ਰਿਤਸਰ ਦੇ ਕਾਰਡੀਆਲੋਜਿਸਟ ਡਾ. ਹਰਪ੍ਰੀਤ ਸਿੰਘ ਨੂੰ ਵੀਡੀਓ ਕਾਲ ਰਾਹੀਂ ਪੁਲਿਸ ਅਧਿਕਾਰੀ ਦੇ ਨਾਮ ਤੇ ਡਿਜ਼ੀਟਲ ਅਰੈਸਟ ਕੀਤਾ ਅਤੇ ਵਰਦੀ ਤੇ ਫਰਜ਼ੀ ਸ਼ਿਨਾਖਤੀ ਕਾਰਡ ਦਿਖਾਕੇ 45 ਲੱਖ ਠੱਗ ਲਏ।
ਏਦਾਂ ਹੀ ਜੂਨ 2024 ’ਚ ਜਲੰਧਰ ਦੇ ਪ੍ਰੋਫੈਸਰ ਡਾਕਟਰ ਅਮਿਤ ਸ਼ਰਮਾ ਨੂੰ ਤਿੰਨ ਦਿਨ ਤੱਕ ਵੀਡੀਓ ਕਾਲ ਤੇ ਰੱਖਿਆ ਅਤੇ 25 ਲੱਖ ਰੁਪਏ ਦੀ ਠੱਗੀ ਮਾਰੀ ਗਈ। ਠੱਗਾਂ ਨੇ ਕਾਨੂੰਨੀ ਭਾਸ਼ਾ ਦੀ ਵਰਤੋਂ ਕੀਤੀ ਜਿਸ ਤੋਂ ਪ੍ਰੋਫੈਸਰ ਸ਼ਰਮਾ ਨੂੰ ਠੱਗਾਂ ਦੀ ਕਾਲ ਅਸਲੀ ਜਾਪਦੀ ਰਹੀ। ਇਸ ਲੜੀ ਤਹਿਤ ਠੱਗਾਂ ਨੇ ਸੇਵਾਮੁਕਤ ਜੱਜ ਜਸਟਿਸ ਬੀਐਸ ਢਿੱਲੋਂ ਦੇ ਪ੍ਰੀਵਾਰ ਨੂੰ ਈਡੀ ਦਾ ਫਰਜ਼ੀ ਨੋਟਿਸ ਭੇਜਿਆ। ਉਨ੍ਹਾਂ ਦੇ ਲੜਕੇ ਨੂੰ ਜਾਇਦਾਦ ਜਬਤ ਕਰਨ ਦੀ ਧਮਕੀ ਦੇਕੇ ਠੱਗਾਂ ਨੇ ਡਰ ਦੇ ਮਹੌਲ ਦੌਰਾਨ 60 ਲੱਖ ਰੁਪਏ ਟਰਾਂਸਫਰ ਕਰਵਾ ਲਏ। ਸਾਈਬਰ ਅਪਰਾਧੀਆਂ ਨੇ ਸੀਬੀਆਈ ਅਧਿਕਾਰੀ ਬਣਕੇ ਉਦਯੋਗਪਤੀ ਐੱਸਪੀ ਓਸਵਾਲ ਤੋਂ ਸੱਤ ਕਰੋੜ ਰੁਪਏ ਹਥਿਆਏ ਸਨ। ਅਪਰਾਧੀਆਂ ਨੇ ਓਸਵਾਲ ਨੂੰ ਦੋ ਦਿਨ ਡਿਜੀਟਲ ਨਿਗਰਾਨੀ ਹੇਠ ਰੱਖਿਆ ਤੇ ਕਿਸੇ ਨੂੰ ਵੀ ਫੋਨ ਜਾਂ ਮੈਸੇਜ ਨਹੀਂ ਕਰਨ ਦਿੱਤਾ। ਜਾਅਲਸਾਜ਼ਾਂ ਨੇ ਇੱਕ ਵੀਡੀਓ ਕਾਲ ਜ਼ਰੀਏ ਸੁਪਰੀਮ ਕੋਰਟ ਦੀ ਜਾਅਲੀ ਸੁਣਵਾਈ ਵੀ ਬਣਾ ਲਈ ਸੀ।
ਸਰਕਾਰਾਂ ਦੇ ਵਤੀਰੇ ਦਾ ਨਤੀਜਾ
ਇਨਸਾਫ ਦੀ ਲਹਿਰ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਨੇ ਵਕਤ ਰਹਿੰਦੇ ਠੱਗ ਕੰਪਨੀਆਂ ਨੂੰ ਨੱਥ ਪਾਈ ਹੁੰਦੀ ਤਾਂ ਨਾਂ ਕੇਵਲ ਆਮ ਲੋਕਾਂ ਦੀ ਲੁੱਟ ਹੁੰਦੀ ਬਲਕਿ ਹੁਣ ਵੱਜਦੀਆਂ ਸਾਈਬਰ ਠੱਗੀਆਂ ਤੋਂ ਬਚਾਅ ਰਹਿਣਾ ਸੀ ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਅਵੇਸਲੇਪਣ ਅਤੇ ਪੰਜਾਬ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾਂ ਕਰਨ ਕਰਕੇ ਇਹ ਸੇਕ ਅਫਸਰਾਂ ਤੱਕ ਨੂੰ ਲੱਗਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜੇ ਫਰਾਡੀ ਪ੍ਰਭਾਵਸ਼ਾਲੀ ਵਿਅਕਤੀ ਨੂੰ ਲਾਚਾਰ ਬਣਾਕੇ ਰੱਖ ਸਕਦੇ ਹਨ ਤਾਂ ਆਮ ਲੋਕਾਂ ਨਾਲ ਕੀ ਕੀਤਾ ਜਾ ਸਕਦਾ ਹੈ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ।
ਪੰਜਾਬ ਪੁਲਿਸ ਸਰਗਰਮ
ਡੀਜੀਪੀ ਗੌਰਵ ਯਾਦਵ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਨੇ ਇਸ ਸਾਲ ਸਾਈਬਰ ਧੋਖਾਧੜੀ ’ਚ ਸ਼ਾਮਲ 18 ਅੰਤਰਰਾਜੀ ਸਾਈਬਰ ਠੱਗ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ। ਦੈਨਿਕ ਜਾਗਰਣ ’ਚ ਪ੍ਰਕਾਸ਼ਿਤ ਇਸ ਰਿਪੋਰਟ ਅਨੁਸਾਰ ਪੰਜਾਬ ’ਚ ਇਸ ਸਾਲ 418. 29 ਕਰੋੜ ਦੀ ਸਾਈਬਰ ਠੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਚੋਂ 79.96 ਕਰੋੜ ਰੁਪਏ ਫਰੀਜ਼ ਕੀਤੇ ਗਏ ਹਨ ਜੋਕਿ ਠੱਗੀ ਗਈ ਕੁੱਲ ਰਾਸ਼ੀ ਦੇ 19 ਫੀਸਦੀ ਤੋਂ ਵੱਧ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਸਾਈਬਰ ਠੱਗਾਂ ਖਿਲਾਫ ਲਗਾਤਾਰ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰ ਰਹੀ ਹੈ।