ਪੰਜਾਬ 'ਚ ਖਣਨ ਮਾਫੀਆ ਬੇਖੌਫ਼- ਪ੍ਰਸ਼ਾਸਨ ਮੁਕ ਦਰਸ਼ਕ: ਭਾਜਪਾ ਨੇ ਚੁੱਕੇ ਵੱਡੇ ਸਵਾਲ
ਐਫ.ਆਈ.ਆਰ. ਦੇ ਬਾਵਜੂਦ ਮਾਜਰੀ ਬਲਾਕ ਵਿੱਚ ਸਰੇਆਮ ਖਣਨ — ਆਪ ਸਰਕਾਰ ਬੇਬਸ ਜਾਂ ਭਾਗੀਦਾਰ?
ਪੁਲਿਸ ਅਤੇ ਸਿਵਲ ਅਧਿਕਾਰੀਆਂ ਤੱਕ ਪੂਰਾ ਸਿਸਟਮ ਸਵਾਲਾਂ ਦੇ ਘੇਰੇ ਵਿੱਚ
ਨਵਾਂਗਾਓਂ, 22 ਦਸੰਬਰ 2025- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਪ੍ਰਦੇਸ਼ ਮੀਡੀਆ ਮੁਖੀ ਸ਼੍ਰੀ ਵਿਨੀਤ ਜੋਸ਼ੀ ਨੇ ਜ਼ਿਲ੍ਹਾ ਮੋਹਾਲੀ ਦੀ ਤਹਿਸੀਲ ਖਰੜ ਅਧੀਨ ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ ਵਿੱਚ ਲੰਮੇ ਸਮੇਂ ਤੋਂ ਜਾਰੀ ਗੈਰਕਾਨੂੰਨੀ ਖਣਨ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਮਾਮਲਾ ਹੁਣ ਸਿਰਫ਼ ਪ੍ਰਸ਼ਾਸਕੀ ਲਾਪਰਵਾਹੀ ਦਾ ਨਹੀਂ ਰਹਿ ਗਿਆ, ਸਗੋਂ ਯੋਜਨਾਬੱਧ ਮਿਲੀਭੂਗਤ ਦਾ ਪ੍ਰਤੀਕ ਬਣ ਚੁੱਕਾ ਹੈ। ਉਨ੍ਹਾਂ ਨੇ ਇਸ ਗੰਭੀਰ ਮਾਮਲੇ ’ਤੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀ ਲਗਾਤਾਰ ਚੁੱਪੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ।
ਜੋਸ਼ੀ ਨੇ ਦੱਸਿਆ ਕਿ 21 ਦਸੰਬਰ 2025 ਨੂੰ ਉਨ੍ਹਾਂ ਨੇ ਉਸੇ ਗੈਰਕਾਨੂੰਨੀ ਖਣਨ ਜਗ੍ਹਾ ਦਾ ਦੁਬਾਰਾ ਦੌਰਾ ਕੀਤਾ, ਜਿਸ ਨੂੰ ਉਹ ਪਹਿਲਾਂ ਹੀ 8 ਨਵੰਬਰ 2025 ਨੂੰ ਬੇਨਕਾਬ ਕਰ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮੋਹਾਲੀ ਖਣਨ ਵਿਭਾਗ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਗੈਰਕਾਨੂੰਨੀ ਖਣਨ ਨਾ ਸਿਰਫ਼ ਜਾਰੀ ਹੈ, ਸਗੋਂ ਇਸ ਦਾ ਪੈਮਾਨਾ ਹੋਰ ਵੀ ਵੱਧ ਗਿਆ ਹੈ। ਇਹ ਸਪਸ਼ਟ ਕਰਦਾ ਹੈ ਕਿ ਖਣਨ ਮਾਫੀਆ ਪੂਰੀ ਬੇਖੌਫ਼ੀ ਅਤੇ ਖੁੱਲ੍ਹੀ ਸਰਪ੍ਰਸਤੀ ਹੇਠ ਕੰਮ ਕਰ ਰਿਹਾ ਹੈ। ਜੋਸ਼ੀ ਨੇ ਕਿਹਾ ਕਿ ਉਨ੍ਹਾਂ ਕੋਲ ਦੋਹਾਂ ਦੌਰਿਆਂ ਦੀ ਤਾਰੀਖ਼ ਸਮੇਤ ਤਸਵੀਰਾਂ ਅਤੇ ਵੀਡੀਓ ਮੌਜੂਦ ਹਨ, ਜੋ ਇਹ ਸਾਬਤ ਕਰਦੀਆਂ ਹਨ ਕਿ ਸਰਕਾਰੀ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਸੀਮਿਤ ਹੈ ਅਤੇ ਜ਼ਮੀਨੀ ਪੱਧਰ ’ਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਨੇ ਸਵਾਲ ਉਠਾਇਆ ਕਿ ਜਦੋਂ ਇਹ ਮਾਮਲਾ ਵਾਰ-ਵਾਰ ਬੇਨਕਾਬ ਹੋ ਚੁੱਕਾ ਹੈ ਅਤੇ ਸਰਕਾਰੀ ਰਿਕਾਰਡ ਵਿੱਚ ਵੀ ਦਰਜ ਹੈ, ਤਾਂ ਸਥਾਨਕ ਵਿਧਾਇਕਾ ਤੇ ਆਪ ਸਰਕਾਰ ਦੀ ਚੁੱਪੀ ਦਾ ਕੀ ਅਰਥ ਕੱਢਿਆ ਜਾਵੇ। ਜੋਸ਼ੀ ਨੇ ਕਿਹਾ ਕਿ ਜੇ ਵਿਧਾਇਕਾ ਨੂੰ ਇਸ ਗੈਰਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਨਹੀਂ, ਤਾਂ ਇਹ ਗੰਭੀਰ ਅਯੋਗਤਾ ਦਰਸਾਉਂਦਾ ਹੈ ਅਤੇ ਜੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਮੌਨ ਹਨ, ਤਾਂ ਇਹ ਕਈ ਗੁਣਾ ਵੱਡੇ ਅਤੇ ਚਿੰਤਾਜਨਕ ਸਵਾਲ ਖੜ੍ਹੇ ਕਰਦਾ ਹੈ।
ਪਿੰਡਵਾਸੀਆਂ ਨੇ ਖੁੱਲ੍ਹੇਆਮ ਦੱਸਿਆ ਹੈ ਕਿ ਗੈਰਕਾਨੂੰਨੀ ਖਣਨ ਜਾਰੀ ਰੱਖਣ ਲਈ ਵੱਡੀ ਮਾਤਰਾ ਵਿੱਚ ਪੈਸੇ ਦੀ ਲੈਣ-ਦੇਣ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰੀ ਚੁੱਪੀ ਅਤੇ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਇਸ ਸਥਿਤੀ ਵਿੱਚ ਜਨਤਾ ਨੂੰ ਪੂਰਾ ਹੱਕ ਹੈ ਪੁੱਛਣ ਦਾ ਕਿ ਕੀ ਜਨ ਪ੍ਰਤਿਨਿਧੀ ਸਿਰਫ਼ ਮੂਕ ਦਰਸ਼ਕ ਬਣੇ ਹੋਏ ਹਨ ਜਾਂ ਇਹ ਚੁੱਪੀ ਕਿਸੇ ਨੂੰ ਆਰਥਿਕ ਲਾਭ ਪਹੁੰਚਾ ਰਹੀ ਹੈ।
ਜੋਸ਼ੀ ਨੇ ਦੋਸ਼ ਲਗਾਇਆ ਕਿ ਪੂਰਾ ਪ੍ਰਸ਼ਾਸਕੀ ਅਤੇ ਪੁਲਿਸ ਤੰਤਰ— ਏਸ.ਐਚ.ਓ. ਤੋਂ ਐਚ.ਐਚ.ਪੀ ਪੱਧਰ ਤੱਕ ਦੇ ਅਧਿਕਾਰੀ, ਤਹਿਸੀਲਦਾਰ, ਐਚ.ਡੀ.ਏਮ. ਖਰੜ, ਡੀ.ਸੀ. ਮੋਹਾਲੀ ਅਤੇ ਜ਼ਿਲ੍ਹਾ ਖਣਨ ਅਧਿਕਾਰੀ—ਜਾਂ ਤਾਂ ਅੱਖਾਂ ਮੂੰਦ ਕੇ ਬੈਠੇ ਹਨ ਜਾਂ ਇਸ ਗੈਰਕਾਨੂੰਨੀ ਗਤੀਵਿਧੀ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਧਾਰਣ ਲਾਪਰਵਾਹੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪਲ ਰਹੀ ਯੋਜਨਾਬੱਧ ਭ੍ਰਿਸ਼ਟਾਚਾਰ ਦੀ ਨਿਸ਼ਾਨੀ ਹੈ।
ਭਾਜਪਾ ਨੇ ਦੋਸ਼ੀ ਅਧਿਕਾਰੀਆਂ ਦੀ ਤੁਰੰਤ ਮੁਅੱਤਲੀ, ਸਮੇਂ-ਬੱਧ ਸੁਤੰਤਰ ਜਾਂਚ ਅਤੇ ਸਾਰੇ ਜ਼ਿੰਮੇਵਾਰ ਅਧਿਕਾਰੀਆਂ ਤੇ ਰਾਜਨੀਤਿਕ ਸੁਰੱਖਿਆ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਅਪਰਾਧਕ ਕਾਰਵਾਈ ਦੀ ਮੰਗ ਕੀਤੀ। ਜੋਸ਼ੀ ਨੇ ਸਪਸ਼ਟ ਕੀਤਾ ਕਿ ਪੰਜਾਬ ਨੂੰ ਭ੍ਰਿਸ਼ਟ ਰਾਜਨੀਤਿਕ ਸੁਰੱਖਿਆ ਹੇਠ ਗੈਰਕਾਨੂੰਨੀ ਖਣਨ ਦਾ ਖੁੱਲ੍ਹਾ ਮੈਦਾਨ ਨਹੀਂ ਬਣਨ ਦਿੱਤਾ ਜਾਵੇਗਾ।