ਭਿਆਨਕ ਹਾਦਸਾ: ਗੈਸ ਟੈਂਕਰ ਪਲਟਣ ਤੋਂ ਬਾਅਦ ਹੋਇਆ ਜ਼ਬਰਦਸਤ ਧਮਾਕਾ
ਅੱਗ ਦੀ ਲਪੇਟ 'ਚ ਆਏ 50 ਵਾਹਨ
ਸੈਂਟੀਆਗੋ: 24 ਫਰਵਰੀ, 2026
ਚਿਲੀ ਦੀ ਰਾਜਧਾਨੀ ਸੈਂਟੀਆਗੋ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਤਰਲ ਗੈਸ ਲੈ ਕੇ ਜਾ ਰਿਹਾ ਇੱਕ ਟੈਂਕਰ ਹਾਈਵੇਅ 'ਤੇ ਪਲਟ ਗਿਆ। ਇਸ ਹਾਦਸੇ ਤੋਂ ਤੁਰੰਤ ਬਾਅਦ ਹੋਏ ਭਿਆਨਕ ਧਮਾਕੇ ਅਤੇ ਅੱਗ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 17 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਘਟਨਾ ਰੇਂਕਾ ਖੇਤਰ ਵਿੱਚ ਜਨਰਲ ਵੇਲਾਸਕੇਜ਼ ਐਵੇਨਿਊ ਅਤੇ ਰੂਟ 5 ਨੌਰਥ ਦੇ ਚੌਰਾਹੇ 'ਤੇ ਵਾਪਰੀ। ਅਧਿਕਾਰੀਆਂ ਮੁਤਾਬਕ ਡਰਾਈਵਰ ਨੇ ਟੈਂਕਰ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਉਹ ਰੇਲਿੰਗ ਨਾਲ ਟਕਰਾ ਕੇ ਪਲਟ ਗਿਆ। ਸੀਸੀਟੀਵੀ ਵਿੱਚ ਕੈਦ ਹੋਇਆ ਇਹ ਮੰਜ਼ਰ ਬੇਹੱਦ ਭਿਆਨਕ ਹੈ, ਜਿੱਥੇ ਟੈਂਕਰ ਪਲਟਦੇ ਹੀ ਜ਼ਹਿਰੀਲੀ ਗੈਸ ਦਾ ਧੂੰਆਂ ਤੇਜ਼ੀ ਨਾਲ ਫੈਲ ਗਿਆ ਅਤੇ ਕੁਝ ਹੀ ਪਲਾਂ ਵਿੱਚ ਸਭ ਕੁਝ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ।
ਸਥਾਨਕ ਗੈਸ ਕੰਪਨੀ ਗੈਸਕੋ ਦੇ ਇਸ ਟੈਂਕਰ ਵਿੱਚ ਹੋਏ ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਨੇ ਹਾਈਵੇਅ 'ਤੇ ਮੌਜੂਦ ਲਗਭਗ 50 ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਚਸ਼ਮਦੀਦਾਂ ਅਨੁਸਾਰ ਇਹ ਧਮਾਕਾ ਕਿਸੇ ਵੱਡੇ ਬੰਬ ਵਰਗਾ ਮਹਿਸੂਸ ਹੋਇਆ ਅਤੇ ਅੱਗ ਦੀਆਂ ਲਪਟਾਂ ਇੱਕ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਹਾਦਸੇ ਤੋਂ ਬਾਅਦ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਵਾਹਨ ਛੱਡ ਕੇ ਭੱਜਦੇ ਦੇਖੇ ਗਏ, ਪਰ ਗੈਸ ਦਾ ਬੱਦਲ ਇੰਨੀ ਤੇਜ਼ੀ ਨਾਲ ਫੈਲਿਆ ਕਿ ਕਈ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਫਾਇਰ ਬ੍ਰਿਗੇਡ ਅਨੁਸਾਰ ਅੱਗ ਨੇੜਲੀਆਂ ਇਮਾਰਤਾਂ ਤੱਕ ਵੀ ਪਹੁੰਚ ਗਈ ਅਤੇ ਧਮਾਕੇ ਦਾ ਅਸਰ 200 ਮੀਟਰ ਦੇ ਦਾਇਰੇ ਤੱਕ ਮਹਿਸੂਸ ਕੀਤਾ ਗਿਆ।
ਸੈਂਟੀਆਗੋ ਮੈਟਰੋਪੋਲੀਟਨ ਖੇਤਰ ਦੇ ਗਵਰਨਰ ਕਲੌਡੀਓ ਓਰੇਗੋ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਕਾਫੀ ਨਾਜ਼ੁਕ ਹੈ। ਖਾਸ ਤੌਰ 'ਤੇ ਇੱਕ ਜ਼ਖਮੀ ਵਿਅਕਤੀ ਦਾ ਸਰੀਰ 100 ਫੀਸਦੀ ਤੱਕ ਸੜ ਚੁੱਕਾ ਹੈ, ਜਿਸ ਕਾਰਨ ਉਸ ਦੀ ਜਾਨ ਨੂੰ ਗੰਭੀਰ ਖਤਰਾ ਬਣਿਆ ਹੋਇਆ ਹੈ। ਮ੍ਰਿਤਕਾਂ ਵਿੱਚ ਟੈਂਕਰ ਦਾ ਡਰਾਈਵਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਸੜਕ ਸੁਰੱਖਿਆ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਭਿਆਨਕ ਹਾਦਸੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Click to Follow Babushahi Facebook page →