ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਤਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਵਿਅਕਤੀ ਦਾ ਕਤਲ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2026 : ਬਠਿੰਡਾ ਜ਼ਿਲ੍ਹੇ ਦੇ ਥਾਣਾ ਸੰਗਤ ਅਧੀਨ ਪੈਂਦੇ ਮਹਿਤਾ ਵਿਖੇ ਇੱਕ ਵਿਅਕਤੀ ਦੀ ਤੇਜਧਾਰ ਹਥਿਆਰਾਂ ਨਾਲ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਗਤ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਔਰਤ ਸਮੇਤ ਚਾਰ ਜਣਿਆਂ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ।ਜਾਣਕਾਰੀ ਅਨੁਸਾਰ ਕੌਰ ਸਿੰਘ ਪੁੱਤਰ ਹਰਨੇਕ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਨੂੰਹ ਦੇ ਮਿ੍ਤਕ ਮਲਕੀਤ ਸਿੰਘ ਪੁੱਤਰ ਗੋਲੂ ਸਿੰਘ ਦੇ ਬੇਟੇ ਹਰਮਨ ਸਿੰਘ ਨਾਲ ਕਥਿਤ ਤੌਰ 'ਤੇ ਨਜਾਇਜ਼ ਸਬੰਧ ਹਨ । ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਕਾਫੀ ਰੌਲਾ ਰੱਪਾ ਪਿਆ ਸੀ ਪਰ ਪੰਚਾਇਤ ਨੇ ਵਿੱਚ ਪੈ ਕੇ ਟਿਕ ਟਕਾ ਕਰਵਾ ਦਿੱਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮਲਕੀਤ ਸਿੰਘ ਆਪਣੇ ਬੇਟੇ ਨਾਲ ਆਪਣੇ ਪੁਰਾਣੇ ਘਰ ਵਿਚੋਂ ਤੂੜੀ ਚੁੱਕਣ ਲਈ ਗਿਆ ਸੀ ਤਾਂ ਇਸ ਦੌਰਾਨ ਕੌਰ ਸਿੰਘ ਅਤੇ ਉਸਦੇ ਲੜਕੇ ਤੋਂ ਇਲਾਵਾ ਇੱਕ ਔਰਤ ਨੇ ਦੋਵਾਂ ਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ। ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋਏ ਮਲਕੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮਿ੍ਤਕ ਦੇ ਲੜਕੇ ਹਰਮਨ ਸਿੰਘ ਦੇ ਬਿਆਨਾਂ 'ਤੇ ਪੁਲਸ ਨੇ ਮੁਲਜਮ ਕੌਰ ਸਿੰਘ, ਲਖਵੀਰ ਸਿੰਘ,ਬਲਵੀਰ ਸਿੰਘ ਅਤੇ ਕਰਮਜੀਤ ਕੌਰ ਖਿਲਾਫ਼ ਥਾਣਾ ਸੰਗਤ ਵਿਖੇ ਮਾਮਲਾ ਦਰਜ਼ ਕਰਕੇ ਮੁਲਜਮਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ |
Click to Follow Babushahi Facebook page →