Babushahi Special: ਬਠਿੰਡਾ :ਕੌਂਸਲਰਾਂ ਨੇ ਡਿਪਟੀ ਮੇਅਰ ’ਤੇ ਸੁੱਟਿਆ ਸਿਆਸੀ ਬੰਬ
- ਕਮਿਸ਼ਨਰ ਨੂੰ ਸੌਂਪਿਆ ਬੇਵਿਸ਼ਵਾਸ਼ ਦਾ ਮਤਾ
ਅਸ਼ੋਕ ਵਰਮਾ
ਬਠਿੰਡਾ, 6ਫਰਵਰੀ2025:ਬੱਧਵਾਰ ਦੇਰ ਸ਼ਾਮ ਨੂੰ ਨਵੇਂ ਮੇਅਰ ਚੁਣਨ ਦਾ ਕੰਮ ਮੁਕਿਆ ਹੀ ਸੀ ਕਿ ਨਗਰ ਨਿਗਮ ਬਠਿੰਡਾ ਦੇ ਤਕਰੀਬਨ ਦੋ ਦਰਜਨ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਿੱਧੂ ਖਿਲਾਫ ਬੇਵਿਸਾਹੀ ਮਤਾ ਸੌਂਪਦਿਆਂ ਜਰਨਲ ਹਾਊਸ ਦੀ ਮੀਟਿੰਗ ਸੱਦਣ ਦੀ ਮੰਗ ਕਰ ਦਿੱਤੀ ਹੈ। ਪਹਿਲੀ ਨਜ਼ਰੇ ਤਾਂ ਇਹ ਕੌਂਸਲਰਾਂ ਵੱਲੋਂ ਪਾਸ ਕੀਤਾ ਗਿਆ ਇਹ ਸਧਾਰਨ ਜਿਹਾ ਮਤਾ ਲੱਗਦਾ ਹੈ ਪਰ ਡੂੰਘਾਈ ਨਾਲ ਘੋਖੀਏ ਤਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਕਾਂਗਰਸ ਖਿਲਾਫ ਕੀਤਾ ਗਿਆ ਦੂਸਰਾ ਵੱਡਾ ਸਿਆਸੀ ਧਮਾਕਾ ਹੈ। ਮਤੇ ਤੇ ਦਸਤਖਤ ਕਰਨ ਵਾਲੇ ਕੌਂਸਲਰਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਜਰਨਲ ਹਾਊਸ ਤਰਫੋਂ ਤੱਤਕਾਲੀ ਮੇਅਰ ਖਿਲਾਫ 15 ਨਵੰਬਰ ਨੂੰ ਬੇਵਿਸਾਹੀ ਮਤਾ ਪਾਸ ਕੀਤਾ ਗਿਆ ਸੀ।
ਉਦੋਂ ਤੋਂ ਹੁਣ ਤੱਕ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵੱਲੋਂ ਆਪਣੇ ਹਿਸਾਬ ਨਾਲ ਹਾਊਸ ਚਲਾਇਆ ਜਾ ਰਿਹਾ ਹੈ। ਮੇਅਰ ਦੀ ਚੋਣ ਨਾਂ ਹੋਣ ਕਾਰਨ ਸ਼ਹਿਰ ਦੇ ਵਿਕਾਸ ਤੇ ਬੁਰਾ ਪ੍ਰਭਾਵ ਪਿਆ ਹੈ ਅਤੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਮੇਅਰ ਦੀ ਚੋਣ ਨਾਂ ਹੋਣ ਕਾਰਨ ਵਿਰੋਧੀ ਧੜੇ ਦੇ ਕੌਂਸਲਰਾਂ ਨੂੰ ਬੇਹੱਦ ਪ੍ਰੇਸ਼ਾਨੀ ਝੱਲਣੀ ਪਈ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੀ ਸਿਹਤਰੀ ਲਈ ਲਗਾਤਾਰ ਕੰਮ ਕਰ ਰਹੇ ਹਨ। ਕੌਂਸਲਰਾਂ ਨੇ ਪੱਤਰ ’ਚ ਲਿਖਿਆ ਹੈ ਕਿਡਿਪਟੀ ਮੇਅਰ ਨੂੰ ਸ਼ਹਿਰ ਦੇ ਸਮੁੱਚੇ ਵਿਕਾਸ ਸਬੰਧੀ ਕਹਿਣ ਦੇ ਬਾਵਜੂਦ ਉਹ ਸੁਣਵਾਈ ਨਹੀਂ ਕਰਦੇ ਹਨ। ਇਸ ਤੋਂ ਸਪਸ਼ਟ ਹੈ ਕਿ ਡਿਪਟੀ ਮੇਅਰ ਹਰਮੰਦਰ ਸਿੰਘ ਆਪਣੀ ਜਿੰਮੇਵਾਰੀ ਅਤੇ ਡਿਊਟੀ ਨੂੰ ਸਮਝ ਨਹੀਂ ਰਹੇ ਹਨ।
ਕੌਂਸਲਰਾਂ ਦੇ ਪੱਤਰ ਅਨੁਸਾਰ ਡਿਪਟੀ ਮੇਅਰ ਦੀ ਕਥਿਤ ਲਾਪਰਵਾਹੀ ਦੀ ਬਦੌਲਤ ਨਗਰ ਨਿਗਮ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਪੱਤਰ ਤੇ ਦਸਤਖਤ ਕਰਨ ਵਾਲੇ ਕੌਂਸਲਰਾਂ ਨੂੰਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਤੇ ਕੋਈ ਵਿਸ਼ਵਾਸ਼ ਨਹੀਂ ਰਿਹਾ ਹੈ। ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਤੋਂ ਆਪਣਾ ਬਹੁਮੱਤ ਸਿੱਧ ਕਰਨ ਲਈ ਜਰਨਲ ਹਾਊਸ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਮਤੇ ਵਾਲੇ ਪੱਤਰ ਤੇ ਦਸਤਖਤ ਕਰਨ ਵਾਲੇ 23 ਕੌਂਸਲਰਾਂ ਨੇ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਡਿਪਟੀ ਮੇਅਰ ਖਿਲਾਫ ਬੇਵਿਸ਼ਵਾਸ਼ ਦਾ ਮਤਾ ਪੰਜਾਬ ਮਿਊਂਸਿਪਲ ਕਾਰਪੋਰੇਸ਼ਨ ਐਕਟ 1976 ਤਹਿਤ ਪੇਸ਼ ਕੀਤਾ ਹੈ। ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਜਰਨਲ ਹਾਊੁਸ ਦੀ ਮੀਟਿੰਗ ਜਲਦੀ ਤੋਂ ਜਲਦੀ ਸੱਦਣ ਦੀ ਅਪੀਲ ਵੀ ਕੀਤੀ ਹੈ।
ਹਰਮੰਦਰ ਸਿੰਘ ਦਾ ਸਿਆਸੀ ਸਫਰ
ਮਾਸਟਰ ਹਰਮੰਦਰ ਸਿੰਘ ਪਹਿਲਾਂ ਸ਼ੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਮੁੱਛ ਦਾ ਵਾਲ ਮੰਨੇ ਜਾਂਦੇ ਸਨ। ਸਾਲ 2015 ’ਚ ਨਗਰ ਨਿਗਮ ਦੀਆਂ ਚੋਣਾਂ ਮੌਕੇ ਮਾਸਟਰ ਹਰਮੰਦਰ ਸਿੰਘ ਮੇਅਰ ਬਣਨ ਦੇ ਚਾਹਵਾਨ ਸਨ ਪਰ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਲਈ ਅਹੁਦਾ ਰਾਖਵਾਂ ਕਰਨ ਕਰਕੇ ਬਾਜੀ ਬਲਵੰਤ ਰਾਏ ਨਾਥ ਦੇ ਹੱਥ ਲੱਗੀ। ਅਕਾਲੀ ਭਾਜਪਾ ਗਠਜੋੜ ਨਾਲ ਸਹਿਮਤੀ ਕਾਰਨ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਭਾਜਪਾ ਦੇ ਬਣਾ ਦਿੱਤੇ ਗਏੇ। ਸਾਲ 2021 ’ਚ ਮਾਸਟਰ ਹਰਮੰਦਰ ਸਿੰਘ ਨੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ ਅਤੇ ਉਨ੍ਹਾਂ ਦੀ ਗਿਣਤੀ ਮਨਪ੍ਰੀਤ ਬਾਦਲ ਦੇ ਨੇੜਲਿਆਂ ’ਚ ਹੋਣ ਲੱਗ ਪਈ ਜਿਸ ਕਾਰਨ ਉਨ੍ਹਾਂ ਨੂੰ ਡਿਪਟੀ ਮੇਅਰ ਬਣਾ ਦਿੱਤਾ ਗਿਆ ਅਤੇ ਉਹ ਨਗਰ ਨਿਗਮ ’ਚ ਸ਼ਕਤੀ ਸ਼ਾਲੀ ਬਣ ਗਏ।
ਮਨਪ੍ਰੀਤ ਤੇ ਵੜਿੰਗ ਦੀ ਸ਼ਰੀਕੇਬਾਜੀ
ਸਿਆਸੀ ਮਾਹਿਰਾਂ ਨੇ ਕੌਂਸਲਰਾਂ ਵੱਲੋਂ ਦਿੱਤੇ ਬੇਵਿਸਾਹੀ ਮਤੇ ਨੂੰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਬਠਿੰਡਾ ਹਲਕੇ ਦੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਿਚਕਾਰ ਸ਼ਰੀਕੇਬਾਜ਼ੀ ਦਾ ਸਿੱਟਾ ਦੱਸਿਆ ਹੈ। ਜਿਕਰਯੋਗ ਹੈ ਕਿ ਸਾਲ 2023 ’ਚ ਜਦੋਂ ਮੇਅਰ ਰਮਨ ਗੋਇਲ ਨੂੰ ਹਟਾਉਣ ਦੀ ਗੱਲ ਚੱਲੀ ਤਾਂ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਕਾਂਗਰਸ ਨਾਲ ਖਲੋਤੇ ਨਜ਼ਰ ਆਏ ਸਨ। ਕੋਸ਼ਿਸ਼ਾਂ ਤੋਂ ਬਾਅਦ ਮੇਅਰ ਨੂੰ ਹਟਾ ਦਿੱਤਾ ਗਿਆ ਤਾਂ ਨਗਰ ਨਿਗਮ ਵਿੱਚ ਡਿਪਟੀ ਮੇਅਰ ਦਾ ਬੋਲਬਾਲਾ ਕਾਇਮ ਹੋ ਗਿਆ ਜੋ ਵਿਰੋਧੀ ਕੌਂਸਲਰਾਂ ਨੂੰ ਹਜਮ ਨਹੀਂ ਸੀ। ਹੁਣ ਜਦੋਂ ਮਨਪ੍ਰੀਤ ਧੜੇ ਦੀ ਹਮਾਇਤ ਅਤੇ ਕਾਂਗਰਸੀ ਕਾਟੋ ਕਲੇਸ਼ ਕਾਰਨ ਮੇਅਰ ਹਾਕਮ ਧਿਰ ਦਾ ਬਣ ਗਿਆ ਹੈ ਤਾਂ ਡਿਪਟੀ ਮੇਅਰ ਨੂੰ ਹਟਾਉਣ ਦੀ ਮੁਹਿੰਮ ਤੁਰ ਪਈ ਹੈ।
ਮੇਅਰ ਦੀ ਕੁਰਸੀ ਤੋਂ ਪੁਆੜਾ
ਦੇਖਿਆ ਜਾਏ ਤਾਂ ਕਾਂਗਰਸ ਪਾਰਟੀ ਨੂੰ ਮੇਅਰ ਦੀ ਕੁਰਸੀ ਰਾਸ ਹੀ ਨਹੀਂ ਆਈ ਹੈ ਅਤੇ ਇਹ ਅਹੁਦਾ ਹੀ ਕਾਂਗਰਸੀਆਂ ਵਿੱਚ ਪਾਟੋਧਾੜ ਦਾ ਕਾਰਨ ਬਣਿਆ ਹੈ। ਪਹਿਲੀ ਵਾਰ ਕਾਂਗਰਸੀ ਕੌਂਸਲਰਾਂ ’ਚ ਉਦੋਂ ਫੁੱਟ ਸਾਹਮਣੇ ਆਈ ਜਦੋਂ ਪਾਰਟੀ ਨੇ ਮਨਪ੍ਰੀਤ ਬਾਦਲ ਹਮਾਇਤੀ ਮੇਅਰ ਰਮਨ ਗੋਇਲ ਨੂੰ ਹਟਾਉਣ ਦਾ ਫੈਸਲਾ ਲਿਆ ਸੀ। ਨਵੰਬਰ 2023 ’ਚ ਹੋਈ ਮੀਟਿੰਗ ਦੌਰਾਨ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਕਾਂਗਰਸ ਦੇ 43 ਕੌਂਸਲਰਾਂ ਚੋਂ 27 ਕੌਂਸਲਰ ਪੁੱਜੇ ਸਨ। ਇਸ ਗਿਣਤੀ ਨੇ ਸਪਸ਼ਟ ਕਰ ਦਿੱਤਾ ਕਿ ਕਾਂਗਰਸ ’ਚ ਸਭ ਅੱਛਾ ਨਹੀਂ ਹੈ। ਬੁੱਧਵਾਰ ਨੂੰ ਨਵੇਂ ਮੇਅਰ ਦੀ ਚੋਣ ਮੌਕੇ ਕਾਂਗਰਸੀ ਉਮੀਦਵਾਰ ਨੂੰ 15 ਵੋਟਾਂ ਪਈਆਂ ਜਿੰਨ੍ਹਾਂ ’ਚ ਇੱਕ ਵੋਟ ਵਿਧਾਇਕ ਦੀ ਹੈ। ਇਸ ਤੋਂ ਸਾਫ ਹੈ ਕਿ ’ਚ ਮੇਅਰ ਦੀ ਚੇਅਰ ਕਾਂਗਰਸ ਲਈ ਪੁਆੜੇ ਦੀ ਜੜ ਹੈ।