ਕਿਸਾਨਾਂ ਦੀਆ ਮੁਸਕਲਾਂ ਸੁਣਦੇ ਕੁਲਵੰਤ ਸਿੰਗਲਾ
ਦੀਦਾਰ ਗੁਰਨਾ
ਮਾਨਸਾ (ਬਰੇਟਾ ) 19 ਅਪ੍ਰੈਲ 2026 : ਬਰੇਟਾ ਅਤੇ ਮਾਨਸਾ ਜ਼ਿਲੇ ਦੇ ਇਲਾਕਿਆਂ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਆੜਤੀਆ ਮਜਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੇ ਇੱਕ ਵਾਰ ਫਿਰ ਸਰਕਾਰੀ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਦਿੱਤੇ ਹਨ , ਜਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਵੱਲੋਂ ਅੱਜ ਬਖਸ਼ੀਵਾਲਾ, ਕਾਹਨਗੜ੍ਹ, ਕੁਲਰੀਆਂ ਅਤੇ ਬਰੇਟਾ ਦੀ ਅਨਾਜ ਮੰਡੀ ਦਾ ਵਿਸਥਾਰ ਨਾਲ ਦੌਰਾ ਕਰਦੇ ਹੋਏ ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ , ਉਹਨਾ ਨੇ ਇਹ ਵਿਚਾਰ ਪੇਸ਼ ਕੀਤੇ , ਦੌਰੇ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਨੇ ਸਪੱਸ਼ਟ ਕੀਤਾ ਕਿ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਅਤੇ ਲਿਫਟਿੰਗ ਪ੍ਰਬੰਧ ਬਹੁਤ ਹੀ ਸੁਸਤ ਗਤੀ ਨਾਲ ਚੱਲ ਰਹੇ ਹਨ, ਜਿਸ ਕਾਰਨ ਕਿਸਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ
ਦੌਰੇ ਦੌਰਾਨ ਕਿਸਾਨਾਂ ਨੇ ਖੁੱਲ੍ਹ ਕੇ ਆਪਣਾ ਗੁੱਸਾ ਜਾਹਿਰ ਕਰਦੇ ਹੋਏ ਦੱਸਿਆ ਕਿ ਕਈ ਮੰਡੀਆਂ ਵਿੱਚ ਅਜੇ ਤੱਕ ਖਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋਈ, ਜਿਸ ਕਾਰਨ ਉਹ ਆਪਣੀ ਫਸਲ ਲੈ ਕੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠਣ ਲਈ ਮਜਬੂਰ ਹਨ , ਇੱਕ ਕਿਸਾਨ ਸਵਰਨ ਸਿੰਘ ਗੁਰਜੰਟ ਸਿੰਘ ਨੇ ਕਿਹਾ ਕਿ “ਸਾਡੀ ਫਸਲ ਤਿਆਰ ਹੈ, ਪਰ ਮੰਡੀਆਂ ਵਿੱਚ ਕੋਈ ਪੁੱਛਣ ਵਾਲਾ ਨਹੀਂ , ਸਰਕਾਰ ਸਿਰਫ਼ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ
ਕੁਲਵੰਤ ਰਾਏ ਸਿੰਗਲਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ , ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇ ਉਹਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਹੀ ਇੰਨੀ ਮੁਸ਼ਕਿਲਾਂ ਆ ਰਹੀਆਂ ਹਨ ਤਾਂ ਇਹ ਸਰਕਾਰ ਦੀ ਵੱਡੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਰ ਸਾਲ ਖਰੀਦ ਮੌਸਮ ਦੌਰਾਨ ਇਹੋ ਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ, ਪਰ ਫਿਰ ਵੀ ਸਰਕਾਰ ਵੱਲੋਂ ਕੋਈ ਪੱਕੀ ਯੋਜਨਾ ਨਹੀਂ ਬਣਾਈ ਜਾਂਦੀ। “ਜੇ ਪਹਿਲਾਂ ਹੀ ਯੋਜਨਾ ਬਣਾ ਲਈ ਜਾਵੇ ਅਤੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਜਾਣ, ਤਾਂ ਕਿਸਾਨਾਂ ਨੂੰ ਇੰਨੀ ਪਰੇਸ਼ਾਨੀ ਨਾ ਝੱਲਣੀ ਪਵੇ,” ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਮਜ਼ਦੂਰਾਂ ਅਤੇ ਵਾਹਨਾਂ ਦੀ ਘਾਟ ਵੀ ਇੱਕ ਵੱਡਾ ਕਾਰਨ ਹੈ, ਜਿਸ ਕਰਕੇ ਲਿਫਟਿੰਗ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਮੇਂ ਸਿਰ ਪ੍ਰਯਾਪਤ ਮਜ਼ਦੂਰ ਅਤੇ ਟ੍ਰਾਂਸਪੋਰਟ ਦੀ ਵਿਵਸਥਾ ਕੀਤੀ ਜਾਵੇ ਤਾਂ ਮੰਡੀਆਂ ਵਿੱਚ ਆ ਰਹੀ ਭੀੜ ਨੂੰ ਕਾਬੂ ਕੀਤਾ ਜਾ ਸਕਦਾ ਹੈ
ਦੌਰੇ ਦੌਰਾਨ ਬੁਨਿਆਦੀ ਸੁਵਿਧਾਵਾਂ ਦੀ ਘਾਟ ਵੀ ਸਾਫ਼ ਤੌਰ ‘ਤੇ ਸਾਹਮਣੇ ਆਈ। ਕਈ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦੀ ਢੰਗ ਦੀ ਵਿਵਸਥਾ ਨਹੀਂ ਸੀ, ਨਾ ਹੀ ਕਿਸਾਨਾਂ ਲਈ ਛਾਂ ਦਾ ਪ੍ਰਬੰਧ ਸੀ। ਸਫਾਈ ਪ੍ਰਬੰਧ ਵੀ ਕਈ ਥਾਵਾਂ ‘ਤੇ ਬਹੁਤ ਖ਼ਰਾਬ ਹਾਲਤ ਵਿੱਚ ਮਿਲੇ। ਕਿਸਾਨਾਂ ਨੇ ਦੱਸਿਆ ਕਿ ਉਹ ਦਿਨ-ਰਾਤ ਮੰਡੀਆਂ ਵਿੱਚ ਰਹਿੰਦੇ ਹਨ, ਪਰ ਉਨ੍ਹਾਂ ਲਈ ਕੋਈ ਢੰਗ ਦੀ ਸਹੂਲਤ ਨਹੀਂ ਹੈ
ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਇਹ ਸਥਿਤੀ ਬਹੁਤ ਹੀ ਦੁਖਦਾਈ ਹੈ ਅਤੇ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਖਰੀਦ ਦੀ ਗਤੀ ਨੂੰ ਤੇਜ਼ ਕੀਤਾ ਜਾਵੇ, ਲਿਫਟਿੰਗ ਪ੍ਰਕਿਰਿਆ ਨੂੰ ਸੁਧਾਰਿਆ ਜਾਵੇ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਈ ਕਿਸਾਨਾਂ ਨੂੰ ਪਿਛਲੇ ਸੀਜ਼ਨ ਦੇ ਭੁਗਤਾਨ ਵੀ ਸਮੇਂ ‘ਤੇ ਨਹੀਂ ਮਿਲੇ, ਜਿਸ ਕਾਰਨ ਉਹ ਆਰਥਿਕ ਤੌਰ ‘ਤੇ ਦਬਾਅ ਹੇਠ ਹਨ। ਸਿੰਗਲਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ
ਇਸ ਮੌਕੇ ਸਵਰਨ ਸਿੰਘ ਸਤਗੁਰ ਸਿੰਘ ਜਲਵੇੜਾ ਮੱਖਣ ਸ਼ਰਮਾ ਗੁਰਮੀਤ ਬਾਵਾ ਅਨੂ ਸ਼ਰਮਾ ਰਵੀਇੰਦਰ ਸਿੰਘ ਸੇਖੋਂ ਮੋਹਨ ਸਿੰਘ ਜਸਵੀਰ ਸਿੰਘ ਦਲਵਿੰਦਰ ਸਿੰਘ ਸੁਮਿਤ ਡਸਕਾ ਬਾਬਰਾ ਸੇਨ ਗੁਰਜੰਟ ਸਿੰਘ ਲਾਲੂ ਭਾਰਦਵਾਜ ਸੁਰੇਸ਼ ਸ਼ਰਮਾ ਜਸਵੰਤ ਸਿੰਘ ਕਾਹਨਗੜ੍ਹ ਆਦਿ ਵਰਕਰ ਹਾਜ਼ਰ ਸਨ
Click to Follow Babushahi Facebook page →