ਹਾਈਕੋਰਟ ਨੇ ਰਾਮਪੁਰਾ ਫੂਲ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ 1 ਅਪ੍ਰੈਲ
2026 ਨੂੰ ਕਰਵਾਉਣ ਦੇ ਹੁਕਮ ਦਿੱਤੇ
ਅਦਾਲਤ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਕੋਈ ਵੀ ਐਮ ਐਲ ਏ ਚੋਣ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੋਵੇਗਾ: ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 25 ਮਾਰਚ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਹਨ ਕਿ ਰਾਮਪੁਰਾ ਫੂਲ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚਅਰਮੈਨ ਦੀ ਚੋਣ 1 ਅਪ੍ਰੈਲ 2026 ਨੂੰ ਕਰਵਾਈ ਜਾਵੇ। ਇਹ ਪ੍ਰਗਟਾਵਾ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕੀਤਾ ਹੈ।
ਅਦਾਲਤ ਦੀ ਸੁਣਵਾਈ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਬਲਾਕ ਸੰਮਤੀ ਰਾਮਪੁਰਾ ਫੂਲ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦੇ ਮਾਮਲੇ ਦੀ ਸੁਣਵਾਈ ਅੱਜ ਹਾਈ ਕੋਰਟ ਵਿਚ ਹੋਈ। ਇਹ ਚੋਣ ਪੰਜਾਬ ਸਰਕਾਰ ਨੇ ਦੋ ਵਾਰ ਪਹਿਲਾਂ 5 ਅਤੇ ਫਿਰ 18 ਮਾਰਚ ਮਾਰਚ ਨੂੰ ਇਸ ਕਰ ਕੇ ਟਾਲ ਦਿੱਤੀ ਸੀ ਕਿਉਂਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਹੈ।
ਉਹਨਾਂ ਕਿਹਾ ਕਿ ਹੁਣ ਮਾਣਯੋਗ ਹਾਈ ਕੋਰਟ ਨੇ ਹੁਕਮ ਦਿੱਤੇ ਹਨ ਕਿ ਇਹ ਚੋਣ 1 ਅਪ੍ਰੈਲ 2026 ਨੂੰ ਕਰਵਾਈ ਜਾਵੇ ਅਤੇ ਇਹ ਚੋਣ ਹਾਈ ਕੋਰਟ ਦੀ ਨਿਗਰਾਨੀ ਹੇਠ ਹੋਵੇਗੀ ਜਿਸ ਵਾਸਤੇ ਉਹਨਾਂ ਇਕ ਵਕੀਲ ਨੂੰ ਬਤੌਰ ਨਿਰਪੱਖ ਆਬਜ਼ਰਵਰ ਵੀ ਤਾਇਨਾਤ ਕੀਤਾ ਹੈ।
ਉਹਨਾਂ ਕਿਹਾ ਕਿ ਇਹ ਚੋਣ ਡਿਪਟੀ ਕਮਿਸ਼ਨ (ਡੀ ਸੀ) ਬਠਿੰਡਾ ਵੱਲੋਂ ਕਰਵਾਈ ਜਾਵੇਗੀ ਅਤੇ ਇਸ ਪੂਰੀ ਪਾਰਦਰਸ਼ਾ ਤੇ ਨਿਰਪੱਖਤਾ ਨਾਲ ਹੋਵੇਗੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸਪਸ਼ਟ ਹਦਾਇਤ ਕੀਤੀ ਹੈ ਕਿ ਸਥਾਨਕ ਐਮ ਐਲ ਏ ਜਾਂ ਕੋਈ ਹੋਰ ਵਿਅਕਤੀ ਜਿਸਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਉਹ ਚੋਣ ਵਾਲੀ ਥਾਂ ਵਿਚ ਦਾਖਲ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਇਰ ਰਿਟ ਪਟੀਸ਼ਨਾਂ ਵਿਚ ਹਾਈ ਕੋਰਟ ਨੇ ਦੋ ਦਿਨਾਂ ਵਿਚ ਦੂਜੀ ਵਾਰ ਅਜਿਹੀਆਂ ਹਦਾਇਤਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਬਲਾਕ ਸੰਮਤੀ ਬਾਘਾਪੁਰਾਣਾ ਦੇ ਮਾਮਲੇ ਵਿਚ ਵੀ ਇਹੋ ਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
Click to Follow Babushahi Facebook page →