ਸਿਹਤ ਵਿਭਾਗ ਵੱਲੋਂ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2025:ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ ਦੀ ਅਗਵਾਈ ਹੇਠ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਕਰਦੇ ਹੋਏ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੂਨੋਟਿਕ ਬਿਮਾਰੀਆਂ ਜਾਨਵਰਾਂ ਵਿਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿੱਚ ਫੈਲ ਜਾਂਦੀਆਂ ਹਨ। ਲਾਗ ਵਾਲੇ ਜਾਨਵਰ ਦੇ ਕੱਟਣ ਨਾਲ ਜਾਂ ਲਾਗ ਵਾਲੇ ਜਾਨਵਰ ਦੇ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਵਿਚ ਆਉਣ ਨਾਲ ਬਿਮਾਰੀ ਫੈਲਦੀ ਹੈ।
ਉਨ੍ਹਾਂ ਦੱਸਿਆ ਕਿ ਜਾਨਵਰਾਂ ਤੋਂ ਵਾਇਰਸ, ਬੈਕਟੀਰੀਆਂ, ਫੰਜਾਈ, ਪ੍ਰਰਾਈਓਨ ਜਾਂ ਪਰਜੀਵੀਆਂ ਰਾਹੀਂ ਬਿਮਾਰੀਆਂ ਮਨੁੱਖੀ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਹਲਕਾਅ, ਇੰਫਲੂਐਂਜਾਂ, ਬਰੂਸੀਲੋਸਿਸ, ਪਲੇਗ, ਤਪਦਿਕ, ਧਦਰ ਰੋਗ, ਸਵਾਈਨ ਫਲੂ, ਬਰਡ ਫਲੂ, ਇਬੋਲਾ, ਡਿਪਥੀਰਿਆ, ਫੀਤਾ ਕਿਰਮ, ਡੇਂਗੂ, ਚਿਕਨਗੁਨੀਆਂ, ਜਾਪਾਨੀ ਇਨਸੇਫਲਾਈਟਿਸ, ਰਿਕੇਟਸੀਓਸਿਸ ਆਦਿ ਜੂਨੋਟਿਕ ਬਿਮਾਰੀਆਂ ਹਨ ਅਤੇ ਮਨੁੱਖੀ ਸਿਹਤ ਲਈ ਇਕ ਗੰਭੀਰ ਖਤਰਾ ਹਨ।ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ ਨੇ ਦੱਸਿਆ ਕਿ ਇਨ੍ਹਾਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਆਪਣੇ ਸੰਪਰਕ ਵਿਚ ਆਉਣ ਵਾਲੇ ਪਸ਼ੂਆਂ ਜਾਂ ਜਾਨਵਰਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸਦੇ ਲਈ ਪਾਲਤੂ ਜਾਨਵਰਾਂ ਦਾ ਸਹੀ ਸਮੇਂ ਤੇ ਪਸ਼ੂ ਚਕਿਤਸਕ ਕੋਲੋਂ ਨਿਰੀਖਣ ਕਰਵਾ ਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਜਾਨਵਰਾਂ ਦੇ ਮਲ ਮੂਤਰ ਅਤੇ ਜੇਰ ਆਦਿ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ। ਰੋਗੀ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖਰਾ ਰੱਖਿਆ ਜਾਵੇ। ਘਰਾਂ ਵਿਚ ਆਉਣ ਵਾਲੇ ਜਾਨਵਰ ਜਿਵੇਂ ਚੂਹੇ, ਛਿਪਕਲੀਆਂ, ਡੱਡੂ ਆਦਿ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੇ ਖਾਦ ਪਦਾਰਥ ਜਿਵੇਂ ਦੁੱਧ, ਅੰਡਾ, ਮੀਟ ਆਦਿ ਨੂੰ ਚੰਗੀ ਤਰਾਂ ਪਕਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ।
ਸਿਹਤ ਵਿਭਾਗ ਦੇ ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਅਤੇ ਰੋਹਿਤ ਜਿੰਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਾਨਵਰਾਂ ਦੇ ਕੱਟਣ ਤੇ ਇਸ ਤੋਂ ਬਚਾਅ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਐਂਟੀ ਰੈਬੀਜ਼ ਟੀਕੇ ਮੁਫਤ ਲਗਾਏ ਜਾਂਦੇ ਹਨ।