ਸਾਂਝੇ ਮਜ਼ਦੂਰ ਮੋਰਚੇ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਭਟਕਾਊ ਤੇ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ,17 ਸਤੰਬਰ 2025:ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ ਪੰਜਾਬ ਨੇ ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਬੱਚੇ ਨਾਲ਼ ਕੀਤੀ ਦਰਿੰਦਗੀ ਪੂਰਨ ਕਾਰਵਾਈ ਦੀ ਨਿੰਦਾ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਤਰਸੇਮ ਪੀਟਰ, ਦਰਸ਼ਨ ਨਾਹਰ, ਦੇਵੀ ਕੁਮਾਰੀ, ਰਾਮ ਸਿੰਘ ਨੂਰਪੁਰੀ, ਲਛਮਣ ਸਿੰਘ ਸੇਵੇਵਾਲਾ, ਗੋਬਿੰਦ ਸਿੰਘ ਛਾਜਲੀ, ਮੁਕੇਸ਼ ਮਲੌਦ ਤੇ ਕੁਲਵੰਤ ਸਿੰਘ ਸੇਲਵਰਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇੱਕਾ ਦੁੱਕਾ ਪ੍ਰਵਾਸੀ ਮਜ਼ਦੂਰਾਂ ਦੀਆਂ ਆਪਰਾਧਿਕ ਗਤੀਵਿਧੀਆਂ ਕਾਰਨ ਸਮੁੱਚੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਕੁੱਝ ਲੋਕਾਂ ਵੱਲੋਂ ਚਲਾਈ ਜਾ ਰਹੀ ਭੜਕਾਊ ਤੇ ਨਫਰਤੀ ਮੁਹਿੰਮ ਤੋਂ ਬਚਣ ਅਤੇ ਇਸਨੂੰ ਧੜੱਲੇ ਨਾਲ ਰੱਦ ਕਰਨ ।
ਮਜ਼ਦੂਰ ਆਗੂਆਂ ਨੇ ਆਖਿਆ ਕਿ ਮੌਜੂਦਾ ਸਮੇਂ ਹੜ੍ਹਾਂ ਕਾਰਨ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਤੇ ਹੋਰਨਾਂ ਕਿਰਤੀ ਲੋਕਾਂ ਦੇ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਅਤੇ ਪਿੱਛੋਂ ਪੀੜਤਾਂ ਦੀ ਬਾਂਹ ਫੜਨ ਚ ਨਕਾਮ ਰਹਿਣ ਕਾਰਨ ਜਦੋਂ ਸਮੂਹ ਪੰਜਾਬੀਆਂ ਚ ਬੀ ਜੇ ਪੀ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰ ਖਿਲਾਫ ਆਏ ਦਿਨ ਰੋਹ ਤਿੱਖਾ ਹੁੰਦਾ ਜਾ ਰਿਹਾ ਸੀ ਤਾਂ ਐਨ ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਖਿਲਾਫ ਵਿਉਂਤਬੱਧ ਤਰੀਕੇ ਨਾਲ ਚਲਾਈ ਜਾ ਰਹੀ ਭੜਕਾਊ ਤੇ ਭਟਕਾਊ ਮੁਹਿੰਮ ਦੋਹਾਂ ਹਕੂਮਤਾਂ ਨੂੰ ਪੂਰੀ ਤਰ੍ਹਾਂ ਰਾਸ ਬੈਠਦੀ ਹੈ। ਉਹਨਾਂ ਆਖਿਆ ਕਿ ਹੜਾਂ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਫੇਲ ਹੋਣ ਤੋਂ ਬਾਅਦ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਲੋਕਾਂ ਵੱਲੋਂ ਹੜ ਪ੍ਰਭਾਵਿਤ ਲੋਕਾਂ ਦੀ ਭਰਾਤਰੀ ਭਾਵ ਨਾਲ ਧਰਮਾਂ, ਜਾਤਾਂ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਕੀਤੀ ਗਈ ਮੱਦਦ ਦੀ ਬਦੌਲਤ ਹਰਿਆਣਾ, ਯੂ ਪੀ ਤੇ ਰਾਜਸਥਾਨ ਆਦਿ ਸੂਬਿਆਂ ਦੀ ਪੰਜਾਬ ਦੇ ਲੋਕਾਂ ਨਾਲ ਮਜ਼ਬੂਤ ਹੋਈ ਭਾਈਚਾਰਕ ਏਕਤਾ ਨੂੰ ਗਿਣ ਮਿੱਥ ਕੇ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ।
ਮਜ਼ਦੂਰ ਆਗੂਆਂ ਨੇ ਆਖਿਆ ਕਿ ਬੀ ਜੇ ਪੀ ਤੇ ਕੇਂਦਰ ਸਰਕਾਰ ਵੱਲੋਂ ਕਿਰਤੀ ਲੋਕਾਂ ਖਿਲਾਫ ਵਿੱਢੇ ਆਰਥਿਕ ਧਾਵੇ ਖਾਸ ਕਰਕੇ ਜ਼ਮੀਨਾਂ ਹੜੱਪਣ ਦੇ ਹੱਲੇ ਖਿਲਾਫ ਪੰਜਾਬ ਦੀ ਕਿਸਾਨ ਲਹਿਰ ਵੱਲੋਂ ਨਿਭਾਏ ਜਾ ਰਹੇ ਅਹਿਮ ਰੋਲ ਖਾਸ ਕਰਕੇ ਦਿੱਲੀ ਦੇ ਇਤਿਹਾਸਕ ਕਿਸਾਨ ਅੰਦੋਲਨ ਸਮੇਂ ਪੰਜਾਬੀ ਕਿਸਾਨਾਂ ਵੱਲੋਂ ਨਿਭਾਏ ਅਗਵਾਨੂੰ ਰੋਲ ਕਰਕੇ ਪੰਜਾਬ ਦੇ ਲੋਕਾਂ ਅਤੇ ਉਹਨਾਂ ਦੀ ਹੋਰਨਾਂ ਸੂਬਿਆਂ ਦੇ ਕਿਰਤੀ ਲੋਕਾਂ ਨਾਲ਼ ਉਸਰ ਰਹੀ ਸਾਂਝ ਬੀ ਜੇ ਪੀ ਅਤੇ ਉਸਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਲਗਾਤਾਰ ਰੜਕਦੀ ਆ ਰਹੀ ਅਤੇ ਉਹ ਇਸਨੂੰ ਸੱਟ ਮਾਰਨ ਦਾ ਬਹਾਨਾ ਭਾਲ ਰਹੀ ਹੈ।
ਉਹਨਾਂ ਪੰਜਾਬ ਦੇ ਸਮੂਹ ਕਿਰਤੀ ਕਮਾਊ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਹਕੂਮਤਾਂ ਦੇ ਹਿਤ ਪੂਰਦੀ ਇਸ ਭਟਕਾਊ ਤੇ ਭੜਕਾਊ ਮੁਹਿੰਮ ਅਤੇ ਇਸ ਨੂੰ ਚਲਾਉਣ ਵਾਲੀਆਂ ਫਿਰਕੂ ਤਾਕਤਾਂ ਦੇ ਮਨਸੂਬਿਆਂ ਨੂੰ ਪਛਾਣਨ ਤੇ ਪਛਾੜਣ ਲਈ ਪੂਰੇ ਜ਼ੋਰ ਨਾਲ ਅੱਗੇ ਆਉਣ।
ਮਜ਼ਦੂਰ ਆਗੂਆਂ ਨੇ ਆਖਿਆ ਕਿ ਨੌਜਵਾਨਾਂ ਤੇ ਕਿਰਤੀ ਲੋਕਾਂ 'ਚ ਉਪਰਾਮਤਾ ਨੂੰ ਜਨਮ ਦੇ ਰਹੀ ਭਿਆਨਕ ਬੇਰੁਜ਼ਗਾਰੀ ਦੇ ਲਈ ਸਾਮਰਾਜੀ ਤਾਕਤਾਂ ਅਤੇ ਭਾਰਤੀ ਹਾਕਮ ਜਮਾਤਾਂ ਵੱਲੋਂ ਲਿਆਂਦੀ ਹਰੀ ਕ੍ਰਾਂਤੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਜ਼ਿੰਮੇਵਾਰ ਹਨ ਪਰ ਫਿਰਕੂ ਸ਼ਕਤੀਆਂ ਵੱਲੋਂ ਇਹਨਾਂ ਲੋਕ ਦੋਖੀ ਤਾਕਤਾਂ ਖਿਲਾਫ਼ ਮੂੰਹ ਖੋਲ੍ਹਣ ਦੀ ਥਾਂ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਇਸ ਬੇਰੁਜ਼ਗਾਰੀ ਦੇ ਲਈ ਮੁੱਖ ਜ਼ਿੰਮੇਵਾਰ ਗ਼ਰਦਾਨ ਕੇ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਅਪਣਾਈਆਂ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਹੀ ਗਰੀਬੀ ਤੇ ਬੇਰੁਜ਼ਗਾਰੀ ਦੇ ਝੰਬੇ ਯੂ ਪੀ, ਬਿਹਾਰ ਤੇ ਹੋਰਨਾਂ ਸੂਬਿਆਂ ਦੇ ਕਿਰਤੀ ਲੋਕ ਆਪਣੇ ਢਿੱਡ ਨੂੰ ਝੁਲਕਾ ਦੇਣ ਲਈ ਹੀ ਪੰਜਾਬ ਵੱਲ ਉਸੇ ਤਰ੍ਹਾਂ ਵਹੀਰਾਂ ਘੱਤ ਕੇ ਆਉਂਦੇ ਹਨ ਜਿਵੇਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ੀ ਧਰਤੀਆਂ 'ਤੇ ਜਾਣ ਲਈ ਮਜਬੂਰ ਹੁੰਦੇ ਆ।
ਉਹਨਾਂ ਆਖਿਆ ਕਿ ਪੰਜਾਬ ਦੀ ਖੇਤੀ ਅਤੇ ਹੋਰਨਾਂ ਕਿੱਤਿਆਂ ਵਿੱਚ ਅਹਿਮ ਕਾਮਾ ਸ਼ਕਤੀ ਬਣੇ ਹੋਏ ਇਹ ਪ੍ਰਵਾਸੀ ਮਜ਼ਦੂਰ ਸਖਤ ਜਾਨ ਤੇ ਅਣਮਨੁੱਖੀ ਕਿਸਮ ਦੇ ਕੰਮ ਕਰਦੇ ਹਨ ਜਿਨਾਂ ਨੂੰ ਪੰਜਾਬੀ ਕਿਰਤੀ ਵੀ ਕਰਨ ਤੋਂ ਕੰਨੀ ਕਤਰਾਉਂਦੇ ਹਨ। ਉਹਨਾਂ ਆਖਿਆ ਕਿ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਤੇ ਕਿਰਤੀ ਕਮਾਊ ਲੋਕਾਂ ਨੂੰ ਅਸਲ ਖਤਰਾ ਜਗੀਰਦਾਰਾਂ , ਸੂਦਖੋਰਾਂ,ਵੱਡੇ ਸਰਮਾਏਦਾਰਾਂ , ਸਾਮਰਾਜੀ ਮੁਲਕਾਂ, ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਲੋਕ ਵਿਰੋਧੀ ਹਕੂਮਤਾਂ, ਜਾਨ ਲੇਵਾ ਨਸ਼ਿਆਂ ਦੇ ਥੋਕ ਉਤਪਾਦਕਾਂ ਤੇ ਥੋਕ ਸਮਗਲਰਾਂ ਅਤੇ ਫਿਰਕੂ ਤਾਕਤਾਂ ਆਦਿ ਲੋਕ ਦੋਖੀ ਸ਼ਕਤੀਆਂ ਤੋਂ ਹੈ ਅਤੇ ਸਮੂਹ ਮਿਹਨਤਕਸ਼ ਲੋਕਾਂ ਨੂੰ ਇਹਨਾਂ ਖਿਲਾਫ਼ ਵਿਸ਼ਾਲ ਤੇ ਸਾਂਝੇ ਘੋਲਾਂ ਦੇ ਰਾਹ ਪੈਣਾ ਅਣਸਰਦੀ ਲੋੜ ਹੈ ਪ੍ਰੰਤੂ ਕੁਝ ਲੋਕ ਵਿਰੋਧੀ ਤਾਕਤਾਂ ਵੱਲੋਂ ਸਭਨਾਂ ਸਮੱਸਿਆਵਾਂ ਦਾ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਦੱਸ ਕੇ ਲੋਕਾਂ ਦਾ ਧਿਆਨ ਅਸਲ ਦੁਸ਼ਮਣਾਂ ਤੋਂ ਤਿਲਕਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਆਖਿਆ ਕਿ ਸਭਨਾਂ ਸਮਾਜਾਂ ਅੰਦਰ ਹੀ ਕੁਝ ਨਾ ਕੁਝ ਅਪਰਾਧਿਕ ਬਿਰਤੀ ਵਾਲੇ ਮਾੜੇ ਅਨਸਰ ਮਿਲ ਜਾਂਦੇ ਹਨ ਪਰ ਉਹਨਾਂ ਕੁਝ ਕੁ ਗਲਤ ਅਨਸਰਾਂ ਕਾਰਨ ਉਸ ਸਮੁੱਚੇ ਤਬਕੇ ਤੇ ਭਾਈਚਾਰੇ ਨੂੰ ਸਜ਼ਾਵਾਂ ਦੇਣ ਦਾ ਅਮਲ ਚਲਾਉਣਾ ਪ੍ਰਵਾਨ ਕਰਨ ਯੋਗ ਨਹੀਂ।
ਉਹਨਾਂ ਪੰਜਾਬ ਦੇ ਇਨਸਾਫ ਪਸੰਦ ਤੇ ਜਮਹੂਰੀ ਲੋਕਾਂ ਨੂੰ ਸੱਦਾ ਦਿੱਤਾ ਕਿ ਇਹਨਾਂ ਭੜਕਾਊ ਚਾਲਾਂ ਤੋਂ ਸਮੂਹ ਲੋਕਾਂ ਨੂੰ ਸੁਚੇਤ ਕਰਨ , ਭੜਕਾਊ ਅਨਸਰਾਂ ਨੂੰ ਲੋਕਾਂ ਚੋਂ ਨਿਖੇੜਨ, ਭੜਕਾਹਟ 'ਚ ਆਏ ਆਮ ਲੋਕਾਂ ਨੂੰ ਸਮਝਾਉਣ, ਪ੍ਰਵਾਸੀ ਮਜ਼ਦੂਰਾਂ ਖਿਲਾਫ ਜਬਰ ਤੇ ਧੱਕੇਸ਼ਾਹੀ ਨੂੰ ਰੱਦ ਕਰਨ ਅਤੇ ਸਮੂਹ ਕਿਰਤੀ ਲੋਕਾਂ ਦੇ ਏਕੇ ਨੂੰ ਬੁਲੰਦ ਕਰਨ।