ਵੱਡੀ ਖ਼ਬਰ: ਮਜੀਠੀਆ ਸਣੇ 50-60 ਲੋਕਾਂ ਖ਼ਿਲਾਫ਼ FIR ਦਰਜ, ਗ੍ਰਿਫਤਾਰੀ ਲਈ ਘਰ ਤੱਕ ਪਹੁੰਚੀ ਪੁਲਿਸ (ਵੇਖੋ ਵੀਡੀਓ)
ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਨੇ ਐਫ.ਆਈ.ਆਰ. (FIR) ਦਰਜ ਹੋਣ ਦੀ ਕੀਤੀ ਪੁਸ਼ਟੀ
ਪੁਲਿਸ ਹਿਰਾਸਤ 'ਚੋਂ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਨ ਦੇ ਲੱਗੇ ਆਰੋਪ
ਮਜੀਠਾ ਅਗਵਾਈ ਵਾਲੀ ਭੀੜ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹਾਵੀ ਹੋਣ ਅਤੇ ਧੱਕਾ-ਮੁੱਕੀ ਕਰਨ ਦਾ ਮਾਮਲਾ
ਚੰਡੀਗੜ੍ਹ/ਅੰਮ੍ਰਿਤਸਰ, 1 ਜੂਨ 2026: ਪੰਜਾਬ ਦੀ ਸਿਆਸਤ ਅਤੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਮਜੀਠਾ ਪੁਲਿਸ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਨਾਲ 50 ਤੋਂ 60 ਹੋਰ ਅਗਿਆਤ ਵਿਅਕਤੀਆਂ ਖ਼ਿਲਾਫ਼ ਮਜੀਠਾ ਥਾਣੇ 'ਤੇ ਹਮਲਾ ਕਰਨ ਦੇ ਆਰੋਪ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।
ਐਸ.ਐਸ.ਪੀ. (SSP) ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਮੁਤਾਬਕ, ਇਸ ਸਬੰਧੀ ਮਜੀਠਾ ਥਾਣੇ ਵਿੱਚ ਮਿਤੀ 31.5.26 ਨੂੰ ਐਫ.ਆਈ.ਆਰ. ਨੰਬਰ 91 (FIR No 91) ਦਰਜ ਕੀਤੀ ਗਈ ਹੈ।
ਐਸ.ਐਸ.ਪੀ. ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮਜੀਠਾ ਪੁਲਿਸ ਨੇ ਬੀਤੇ ਦਿਨੀਂ (30.5.26) ਇੱਕ ਮਾਮਲੇ ਵਿੱਚ ਐਫ.ਆਈ.ਆਰ. ਨੰਬਰ 90 ਦਰਜ ਕਰਕੇ ਜੋਬਨਪ੍ਰੀਤ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਹਿਰਾਸਤ ਦੌਰਾਨ ਜੋਬਨਪ੍ਰੀਤ ਸਿੰਘ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਤਾਂ ਉਸੇ ਵੇਲੇ ਮਜੀਠੀਆ ਦੀ ਅਗਵਾਈ ਹੇਠ ਆਈ ਇੱਕ ਭੀੜ ਪੁਲਿਸ ਮੁਲਾਜ਼ਮਾਂ 'ਤੇ ਹਾਵੀ ਹੋ ਗਈ ਅਤੇ ਉਨ੍ਹਾਂ ਨੇ ਜ਼ਬਰਦਸਤੀ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਵਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮਜੀਠਾ ਦੇ ਐਸ.ਐਚ.ਓ. (SHO) ਅਤੇ ਡੀ.ਐਸ.ਪੀ. (DSP) ਤੁਰੰਤ ਮੌਕੇ 'ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਉੱਥੇ ਮੌਜੂਦ ਭੀੜ ਦਾ ਸਾਹਮਣਾ ਕੀਤਾ ਅਤੇ ਸਥਿਤੀ 'ਤੇ ਕਾਬੂ ਪਾਇਆ। ਪੁਲਿਸ ਮੁਤਾਬਕ ਇਸ ਹੰਗਾਮੇ ਤੋਂ ਬਾਅਦ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਦੁਬਾਰਾ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇਸ ਹਾਈ-ਪ੍ਰੋਫਾਈਲ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
- Download Babushahi App
-
-