ਵੱਡਾ ਪ੍ਰਸ਼ਾਸਨਿਕ ਫੇਰਬਦਲ: ਮੁੱਖ ਮੰਤਰੀ ਨੇ 72 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ
ਨਵੀਂ ਦਿੱਲੀ: 16 ਫਰਵਰੀ, 2026
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਸ਼ਾਸਨਿਕ ਕੰਮਕਾਜ ਵਿੱਚ ਤੇਜ਼ੀ ਲਿਆਉਣ ਲਈ ਇੱਕ ਵੱਡਾ ਫੈਸਲਾ ਲੈਂਦਿਆਂ 72 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸੇਵਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਸ ਫੇਰਬਦਲ ਵਿੱਚ AGMUT ਕੇਡਰ ਦੇ 36 ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਅਤੇ 36 ਡੈਨਿਕਸ (DANICS) ਅਧਿਕਾਰੀ ਸ਼ਾਮਲ ਹਨ। ਕਈ ਸੀਨੀਅਰ ਅਧਿਕਾਰੀਆਂ ਨੂੰ ਨਵੀਆਂ ਨਿਯੁਕਤੀਆਂ ਦੇ ਨਾਲ-ਨਾਲ ਅਹਿਮ ਵਿਭਾਗਾਂ ਦੇ ਵਾਧੂ ਚਾਰਜ ਵੀ ਸੌਂਪੇ ਗਏ ਹਨ।
ਇਸ ਪ੍ਰਸ਼ਾਸਨਿਕ ਤਬਦੀਲੀ ਵਿੱਚ 1998 ਬੈਚ ਦੇ ਆਈਏਐਸ ਅਧਿਕਾਰੀ ਸੰਤੋਸ਼ ਡੀ. ਵੈਦਿਆ ਨੂੰ ਪ੍ਰਮੁੱਖ ਸਕੱਤਰ (ਗ੍ਰਹਿ) ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਕੋਲ ਵਿੱਤ, ਯੋਜਨਾਬੰਦੀ ਅਤੇ ਉਦਯੋਗ ਵਿਭਾਗਾਂ ਦੀ ਵਾਧੂ ਜ਼ਿੰਮੇਵਾਰੀ ਵੀ ਰਹੇਗੀ। ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ (DUSIB) ਦੇ ਮੁੱਖ ਕਾਰਜਕਾਰੀ ਅਧਿਕਾਰੀ ਰੁਪੇਸ਼ ਕੁਮਾਰ ਠਾਕੁਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਸਕੱਤਰ ਲਗਾਇਆ ਗਿਆ ਹੈ। ਉਹ ਨਿਖਿਲ ਕੁਮਾਰ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹੁਣ ਵਪਾਰ ਅਤੇ ਟੈਕਸ ਵਿਭਾਗ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਵਿੱਚ ਵੀ ਅਹਿਮ ਬਦਲਾਅ ਕੀਤੇ ਗਏ ਹਨ। 2011 ਬੈਚ ਦੇ ਅਧਿਕਾਰੀ ਸੰਜੀਵ ਆਹੂਜਾ ਨੂੰ ਸਿੱਖਿਆ ਸਕੱਤਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਕੋਲ ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਦਾ ਵਾਧੂ ਚਾਰਜ ਰਹੇਗਾ। ਪਹਿਲਾਂ ਇਸ ਅਹੁਦੇ 'ਤੇ ਤਾਇਨਾਤ ਪਾਂਡੂਰੰਗ ਪੋਲ ਨੂੰ ਆਮ ਪ੍ਰਸ਼ਾਸਨ ਵਿਭਾਗ ਵਿੱਚ ਭੇਜ ਕੇ ਕਿਰਤ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਲ ਸਕੱਤਰ ਨੀਰਜ ਸੇਮਵਾਲ ਨੂੰ ਬਿਜਲੀ ਵਿਭਾਗ ਅਤੇ ਸ਼ਹਿਰੀ ਵਿਕਾਸ ਸਕੱਤਰ ਵਿਜੇ ਬਿਧੂਰੀ ਨੂੰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਨ੍ਹਾਂ ਤੋਂ ਇਲਾਵਾ, ਵਧੀਕ ਮੁੱਖ ਸਕੱਤਰ ਬਿਪੁਲ ਪਾਠਕ ਨੂੰ ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ, ਜਦਕਿ ਯਸ਼ਪਾਲ ਗਰਗ ਨੂੰ ਸਕੱਤਰ (ਯੋਜਨਾਬੰਦੀ) ਅਤੇ ਸੰਨੀ ਕੁਮਾਰ ਸਿੰਘ ਨੂੰ ਬਿਜਲੀ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਵਜੋਂ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਦਿੱਲੀ ਸਰਕਾਰ ਵੱਲੋਂ ਕੀਤੇ ਗਏ ਇਸ ਵੱਡੇ ਫੇਰਬਦਲ ਨੂੰ ਰਾਜਧਾਨੀ ਵਿੱਚ ਸਰਕਾਰੀ ਸਕੀਮਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਪ੍ਰਬੰਧਕੀ ਸੁਧਾਰ ਵਜੋਂ ਦੇਖਿਆ ਜਾ ਰਿਹਾ ਹੈ।