ਵੀਅਰਵੈਲ ਵਾਲੇ ਸੰਜੇ ਵਰਮਾ: ਜਿਸ ਧਜ ਸੇ ਗਯਾ ਕੋਈ ਮਕਤਲ ਮੇਂ ਵੋ ਸ਼ਾਨ ਸਲਾਮਤ ਰਹਿਤੀ ਹੈ
- ਅੰਤਿਮ ਅਰਦਾਸ 13 ਜੁਲਾਈ ਤੇ ਵਿਸ਼ੇਸ਼
ਅਸ਼ੋਕ ਵਰਮਾ
ਬਠਿੰਡਾ,12 ਜੁਲਾਈ 2025 : ਕੁੱਝ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤੇ ਗਏ ਨਿਊ ਵੀਅਰ ਵੈਲ ਅਬੋਹਰ ਦੇ ਸੰਚਾਲਕ ਸੰਜੇ ਵਰਮਾ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਦਿਆਨਤਦਾਰੀ ਲਈ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ। ਅੱਜੋਕੇ ਮਾਇਆ ਦੇ ਯੁੱਗ ’ਚ ਜਦੋਂ ਮਨੁੱਖਾਂ ਦੇ ਚਿਹਰੇ ਦੋਗਲੇ ਤੇ ਕਿਰਦਾਰ ਖੋਖਲੇ ਹੋ ਗਏ ਹਨ ਤਾਂ ਸੰਜੇ ਵਰਮਾ ਨੇ ਹਮੇਸ਼ਾ ਨੇਕਨੀਅਤੀ ਤੇ ਪਹਿਰਾ ਦਿੱਤਾ ਅਤੇ ਆਪਣੇ ਕਾਰੋਬਾਰ ਨੂੰ ਬੁਲੰਦੀ ਤੇ ਪਹੁੰਚਾਇਆ। ਸੇਵਾਮੁਕਤ ਸਰਕਾਰੀ ਅਧਿਕਾਰੀ ਮਹਾਂਬੀਰ ਪ੍ਰਸ਼ਾਦ ਵਰਮਾ ਦੇ ਪੁੱਤਰ ਸੰਜੇ ਵਰਮਾ ਅੰਤ ਤੱਕ ਜਮੀਨ ਨਾਲ ਜੁੜਿਆ ਰਿਹਾ ਅਤੇ ਸ਼ੌਹਰਤ ਜਾਂ ਪੈਸੇ ਨੂੰ ਕਦੇ ਆਪਣੇ ਤੇ ਭਾਰੂ ਨਹੀਂ ਪੈਣ ਦਿੱਤਾ। ਉਨ੍ਹਾਂ ਦੇ ਸੁਭਾਅ ਤੇ ਮਿਲਣਸਾਰਤਾ ਦਾ ਨਤੀਜਾ ਹੀ ਸੀ ਕਿ ਜਿਸ ਦਿਨ ਸੰਜੇ ਵਰਮਾ ਦੀ ਮੌਤ ਵਾਲੇ ਦਿਨ ਅਬੋਹਰ ਦੇ ਜਿਆਦਾਤਰ ਘਰਾਂ ਵਿੱਚ ਚੁੱਲ੍ਹਾ ਨਹੀਂ ਬਲਿਆ ਅਤੇ ਹਰ ਘਰ ਨੇ ਸੋਗ ਮਨਾਇਆ।
ਸੰਜੇ ਵਰਮਾ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਵੀ ਹੰਝੂਆਂ ਦਾ ਦਰਿਆ ਵਗਿਆ ਅਤੇ ਪੁੱਤਰ ਵੱਲੋਂ ਚਿਤਾ ਨੂੰ ਅਗਨੀ ਦਿਖਾਉਣ ਮੌਕੇ ਤਾਂ ਕੋਈ ਵੀ ਅੱਖ ਅਜਿਹੀ ਨਹੀਂ ਜੋ ਨਮ ਨਾਂ ਹੋਈ ਹੋਵੇ ਬਲਕਿ ਕਾਫੀ ਲੋਕ ਤਾਂ ਆਪਣੇ ਮਸੀਹਾ ਨੂੰ ਯਾਦ ਕਰਦਿਆਂ ਭੁੱਬਾਂ ਮਾਰਕੇ ਰੋ ਰਹੇ ਸਨ। ਸੰਜੇ ਦੇ ਵਿਯੋਗ ਵਿੱਚ ਐਨੇ ਦਿਨ ਲੰਘ ਜਾਣ ਦੇ ਬਾਵਜੂਦ ਹਰ ਪਾਸੇ ਉਦਾਸੀ ਦਾ ਪਹਿਰਾ ਹੈ। ਸ਼ੋਅ ਰੂਮ ਤੇ ਕੰਮ ਕਰਨ ਵਾਲੇ ਮੁਲਾਜਮ ਇਸ ਅਣਹੋਣੀ ਸਬੰਧੀ ਸੋਚਕੇ ਅੱਜ ਵੀ ਡੌਰ ਭੌਰਿਆਂ ਵਾਂਗ ਝਾਕਣ ਲੱਗ ਜਾਂਦੇ ਹਨ। ਲੋਕ ਅੱਜ ਵੀ ਆਖਦੇ ਹਨ ਕਿ ਪ੍ਰਮਾਤਮਾ ਸਮੇਂ ਨਾਲ ਪ੍ਰੀਵਾਰ ਨੂੰ ਕੋਈ ਵੀ ਨਿਆਮਤ ਬਖਸ਼ ਦੇਵੇ ਪਰ ਸੰਜੇ ਵਰਗਾ ਹੀਰਾ ਹੁਣ ਕਦੇ ਵੀ ਵਾਪਿਸ ਨਹੀਂ ਮਿਲ ਸਕੇਗਾ। ਲੋਕ ਤਾਂ ਅੱਜ ਵੀ ਹੈਰਾਨ ਹਨ ਕਿ ਦਰਿਆ ਦਿਲ ਇਨਸਾਨ ,ਮਿੱਠੀ ਜੁਬਾਨ ਅਤੇ ਕੁੱਤੇ ਦੇ ਡੰਡਾ ਨਾਂ ਮਾਰਨ ਵਾਲੇ ਸੰਜੇ ਵਰਮਾ ਦੀ ਹੱਤਿਆ ਕਿਓਂ ਕਰ ਦਿੱਤੀ ਗਈ।
ਸੰਜੇ ਵਰਮਾ ਦੇ ਚਚੇਰੇ ਭਰਾ ਅਤੇ ਕੌਂਸਲਰ ਨਰਿੰਦਰ ਵਰਮਾ ਨੇ ਦੱਸਿਆ ਕਿ ਵਰਮਾ ਪ੍ਰੀਵਾਰ ਮੁੱਢ ਕਦੀਮ ਤੋਂ ਕੋਈ ਰਾਇਸੀ ਠਾਠ ਬਾਠ ਵਾਲਾ ਨਹੀਂ ਬਲਕਿ ਸਧਾਰਨ ਪ੍ਰੀਵਾਰਾਂ ਵਾਂਗ ਸੀ। ਅਸਲ ਵਿੱਚ ਉਨ੍ਹਾਂ ਦੇ ਦਾਦਾ ਦੁਨੀ ਚੰਦ ਵਰਮਾ ਦਰਜੀਆਂ ਵਾਂਗ ਸਿਲਾਈ ਦਾ ਕੰਮ ਕਰਦੇ ਸਨ। ਸੰਜੇ ਵਰਮਾ ਦੇ ਵੱਡੇ ਭਰਾ ਜਗਤ ਵਰਮਾ ਨੇ ਆਪਣੇ ਦਾਦੇ ਤੋਂ ਸਿਲਾਈ ਦਾ ਕੰਮ ਸਿਰਫ 12-13 ਸਾਲ ਦੀ ਉਮਰ ਵਿੱਚ ਸਿੱਖਣਾ ਸ਼ੁਰੂ ਕਰ ਦਿੱਤਾ। ਇਹ ਉਹ ਦਿਨ ਸਨ ਜਦੋਂ ਅੱਜ ਦੀ ਤਰਾਂ ਮਸ਼ੀਨਾਂ ਤੇ ਨਹੀਂ ਬਲਕਿ ਸਮੁੱਚਾ ਕੰਮ ਹੱਥੀਂ ਕੀਤਾ ਜਾਂਦਾ ਸੀ। ਜਗਤ ਵਰਮਾ ਨੇ ਸਿਲਾਈ ਵਿੱਚ ਮੁਹਾਰਤ ਹਾਸਲ ਕਰਨ ਉਪਰੰਤ ਸਾਲ 1982 ਵਿੱਚ ਸਧਾਰਨ ਜਿਹੀ ਦੁਕਾਨ ਤੇ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਹਾਰਤ ਦਾ ਕਮਾਲ ਸੀ ਕਿ ਜਗਤ ਵਰਮਾ ਇੱਕ ਦਿਨ ਵਿੱਚ ਡੇਢ ਕੋਟ ਤਿਆਰ ਕਰ ਲੈਂਦੇ ਸਨ ਜਦੋਂਕਿ ਇੱਕ ਦਰਜੀ ਦੋ ਦਿਨਾਂ ’ਚ ਮਸਾਂ ਇੱਕ ਕੋਟ ਬਣਾਉਂਦਾ ਸੀ ।
ਨਰਿੰਦਰ ਵਰਮਾ ਦਾ ਕਹਿਣਾ ਸੀ ਕਿ ਜਗਤ ਵਰਮਾ ਵਿੱਚ ਲਗਨ ਐਨੀ ਜਿਆਦਾ ਸੀ ਕਿ ਉਹ ਰਾਤ ਨੂੰ 12 ਵਜੇ ਸੌਂਦੇ ਅਤੇ ਸਵੇਰੇ 5 ਵਜੇ ਉੱਠ ਖਲੋਂਦੇ ਸਨ। ਜਦੋਂ ਕਾਰੋਬਾਰ ਲੀਹੇ ਪੈਣ ਲੱਗਾ ਤਾਂ ਜਗਤ ਵਰਮਾ ਨੇ ਵੱਡੀ ਦੁਕਾਨ ਬਣਾ ਲਈ। ਇਸ ਦੌਰਾਨ ਸੰਜੇ ਵਰਮਾ ਨੇ ਬੀਕਾਮ ਕਰਨ ਮਗਰੋਂ ‘ ਨਿਊ ਵੀਅਰਵੈਲ ਟੇਲਰਜ਼ ਐਂਡ ਡਰੈਸਜ਼’ ਸ਼ੋਅ ਰੂਮ ਤੇ ਕੰਮਕਾਜ ਦੀ ਦੇਖ ਰੇਖ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੰਜੇ ਵਰਮਾ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ ਬਲਕਿ ਨਵੀਂ ਤਕਨੀਕਾਂ ਅਤੇ ਆਪਣੀ ਸਿੱਖਿਆ ਦਾ ਲਾਹਾ ਲੈਂਦਿਆਂ ਇੱਕ ਤੋਂ ਬਾਅਦ ਇੱਕ ਕਦਮ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਕੌਂਸਲਰ ਨਰਿੰਦਰ ਵਰਮਾ ਦੱਸਦੇ ਹਨ ਕਿ ਸੰਜੇ ਵਰਮਾ ਨੇ ਨਿੱਤ ਨਵੇਂ ਨਵੇਂ ਡਿਜ਼ਾਇਨ ਬਣਾਉਣੇ ਸ਼ੁਰੂ ਕੀਤੇ ਅਤੇ ਨਵੇਂ ਡਿਜ਼ਾਇਨਰ ਰੱਖੇ ਜਿੰਨ੍ਹਾਂ ਨੂੰ ਕੰਮ ਕਰਨ ਲਈ ਖੁੱਲ੍ਹੀ ਛੁੱਟੀ ਵੀ ਦਿੱਤੀ ਤੇ ਹੌਂਸਲਾ ਅਫਜ਼ਾਈ ਵੀ ਕੀਤੀ।
ਸੰਜੇ ਵਰਮਾ ਦੀ ਆਪਣੀ ਜਿੰਦਗੀ ਦੇ ਅੰਤਿਮ ਪਲਾਂ ਤੱਕ ਇੱਕ ਹੀ ਚਾਹਤ ਰਹੀ ਕਿ ‘ਵੀਅਰ ਵੈਲ’ ਵਿੱਚ ਜੋ ਵੀ ਆਵੇ ਰਾਜੀ ਜਾਵੇ ਅਤੇ ਕਿਸੇ ਨੂੰ ਕੋਈ ਵੀ ਸ਼ਕਾਇਤ ਕਰਨ ਦਾ ਮੌਕਾ ਨਾਂ ਮਿਲੇ। ਨਰਿੰਦਰ ਵਰਮਾ ਨੇ ਦੱਸਿਆ ਕਿ ਮਗਰੋਂ ਤਾਂ ਸੰਜੇ ਲਈ ਕੰਮ ਇੱਕ ਜਨੂੰਨ ਬਣ ਗਿਆ ਸੀ। ਉਹ ਆਪਣੇ ਹੱਥੀਂ ਕੱਪੜੇ ਦੀ ਕਟਾਈ ਕਰਦੇ ਅਤੇ ਤਿਆਰ ਹੋਣ ਤੱਕ ਦੇਖ ਰੇਖ ਕਰਨਾ ਉਨ੍ਹਾਂ ਦੀ ਹਮੇਸ਼ਾ ਤਰਜੀਹ ਰਹੀ। ਉਨ੍ਹਾਂ ਦੱਸਿਆ ਕਿ ਜੋ ਬੂਟਾ ਜਗਤ ਵਰਮਾ ਨੇ ਲਾਇਆ, ਆਪਣੇ ਹੱਥੀਂ ਸਿੰਜਿਆ ਅਤੇ ਵੱਡਾ ਕਰਨ ਮੌਕੇ ਆਪਣਾ ਪਸੀਨਾ ਵਹਾਉਣ ਵੇਲੇ ਸੀ ਤੱਕ ਨਾਂ ਕੀਤੀ ਉਸ ‘ਨਿਊ ਵੀਅਰ ਵੈਲ ’ ਨੂੰ ਇਸ ਮੁਕਾਮ ਤੱਕ ਪੁੱਜਦਾ ਕਰਨ ਵਿੱਚ ਸੰਜੇ ਵਰਮਾ ਦਾ ਅਹਿਮ ਯੋਗਦਾਨ ਰਿਹਾ ਹੈ। ਹੁਣ ਪੰਜਾਬ ,ਹਰਿਆਣਾ ਤੇ ਰਾਜਸਥਾਨ ਆਦਿ ਸੂਬਿਆਂ ਦੇੇ ਨਾਮਵਰ ਸਿਆਸੀ ਲੀਡਰ ,ਜੱਜ ਅਤੇ ਪੁਲਿਸ ਅਧਿਕਾਰੀ ਵੀਅਰ ਵੈਲ ਤੋਂ ਕੱਪੜੇ ਤਿਆਰ ਕਰਵਾਉਂਦੇ ਹਨ ।
ਅੰਤਿਮ ਅਰਦਾਸ ਅੱਜ 13 ਜੁਲਾਈ ਨੂੰ
ਸੰਜੇ ਵਰਮਾ ਆਪਣੇ ਪਿੱਛੇ ਪਤਨੀ, ਇੱਕ ਲੜਕਾ ਅਤੇ ਦੋ ਲੜਕੀਆਂ ਛੱਡ ਗਏ ਹਨ। ਸੰਜੇ ਵਰਮਾ ਨਮਿੱਤ ਅੰਤਿਮ ਅਰਦਾਸ ਦਿਨ ਐਤਵਾਰ ਨੂੰ 12 ਵਜੇ ਅਬੋਹਰ ਦੇ ਸੰਗਮ ਪੈਲੇਸ ਵਿਖੇ ਕਰਵਾਈ ਜਾ ਰਹੀ ਹੈ ਜਿੱਥੇ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਆਮ ਲੋਕ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ।