ਵਿਸ਼ੇਸ਼ ਰਿਪੋਰਟ: ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਹਾਲਾਤ ਬੇਹੱਦ ਖਰਾਬ, ਲੋਕਾਂ ਵਿੱਚ ਗੁੱਸਾ ਚਰਮ ਤੇ
ਬਲਵਿੰਦਰ ਸਿੰਘ ਧਾਲੀਵਾਲ
22 ਮਾਰਚ 2026
ਸੁਲਤਾਨਪੁਰ ਲੋਧੀ (ਕਪੂਰਥਲਾ) — ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਅੱਜਕੱਲ੍ਹ ਆਪਣੇ ਵਿਕਾਸ ਕਾਰਜਾਂ ਦੀ ਬਜਾਏ ਬੇਹਾਲ ਬੁਨਿਆਦੀ ਢਾਂਚੇ ਅਤੇ ਗੰਦਗੀ ਕਾਰਨ ਚਰਚਾ ਵਿੱਚ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਥਾਂ-ਥਾਂ ਡੂੰਘੇ ਟੋਏ ਬਣੇ ਹੋਏ ਹਨ, ਜਿਸ ਨਾਲ ਆਵਾਜਾਈ ਬਹੁਤ ਹੀ ਮੁਸ਼ਕਿਲ ਹੋ ਗਈ ਹੈ।
ਸਥਾਨਕ ਵਸਨੀਕਾਂ ਦੇ ਅਨੁਸਾਰ, ਬਾਰਸ਼ ਤੋਂ ਬਾਅਦ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਨਾਲ ਇਹਨਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਜਾਂਦਾ ਹੈ। ਇਸ ਕਰਕੇ ਕਈ ਸਕੂਟਰ ਅਤੇ ਮੋਟਰਸਾਈਕਲ ਸਵਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਲੋਕਾਂ ਨੂੰ ਚੋਟਾਂ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਸ ਤੋਂ ਇਲਾਵਾ, ਸ਼ਹਿਰ ਦੇ ਕਈ ਹਿੱਸਿਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸਫਾਈ ਪ੍ਰਣਾਲੀ ਲਗਭਗ ਨਾਕਾਮ ਹੋ ਚੁੱਕੀ ਹੈ, ਜਿਸ ਨਾਲ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਨਾ ਤਾਂ ਸਮੇਂ ‘ਤੇ ਕੂੜਾ ਉਠਾਇਆ ਜਾ ਰਿਹਾ ਹੈ ਅਤੇ ਨਾ ਹੀ ਸੜਕਾਂ ਦੀ ਮੁਰੰਮਤ ਲਈ ਕੋਈ ਢੁੱਕਵਾਂ ਕਦਮ ਚੁੱਕਿਆ ਗਿਆ ਹੈ।
ਸ਼ਹਿਰ ਵਾਸੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ। ਲੋਕ ਖੁੱਲ੍ਹ ਕੇ ਕਹਿ ਰਹੇ ਹਨ ਕਿ ਜੇਕਰ ਹਾਲਾਤ ਜਲਦੀ ਨਹੀਂ ਸੁਧਰੇ, ਤਾਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਮੌਜੂਦਾ ਕੌਂਸਲਰਾਂ ਨੂੰ ਇਸ ਦੀ ਕ਼ੀਮਤ ਚੁਕਾਉਣੀ ਪਵੇਗੀ। ਕਈ ਥਾਵਾਂ ‘ਤੇ ਲੋਕਾਂ ਨੇ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।
ਸਮਾਜਿਕ ਕਾਰਕੁਨਾਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ—ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ ਦੀ ਸੁਧਾਰ ਅਤੇ ਸਫਾਈ ਪ੍ਰਬੰਧ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।
ਜੇਕਰ ਨਗਰ ਕੌਂਸਲ ਵੱਲੋਂ ਜਲਦੀ ਹੀ ਕਦਮ ਨਾ ਚੁੱਕੇ ਗਏ, ਤਾਂ ਲੋਕਾਂ ਦਾ ਗੁੱਸਾ ਚੋਣਾਂ ਵਿੱਚ ਸਾਫ਼ ਨਜ਼ਰ ਆ ਸਕਦਾ ਹੈ ਅਤੇ ਮੌਜੂਦਾ ਪ੍ਰਸ਼ਾਸਨ ਲਈ ਇਹ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ।
Click to Follow Babushahi Facebook page →