ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਰਾਈਜ਼ਿੰਗ ਕਿਡਜ਼ ਸਕੂਲ ਦੇ ਹੋਣਹਾਰ ਬੱਚੇ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 1 ਦਸੰਬਰ 2025 : ਲਾਲ ਸਿੰਘ ਨਗਰ ਦੀ ਗਲੀ ਨੰਬਰ 33 ਵਿੱਚ ਸਥਿਤ ਰਾਈਜ਼ਿੰਗ ਕਿਡਜ਼ ਐਜੂਕੇਅਰ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਐਮਸੀ ਸ੍ਰੀ ਆਤਮਾ ਸਿੰਘ ਅਤੇ ਕ੍ਰਿਕਟ ਕੋਚ ਸ੍ਰੀ ਆਸ਼ਾ ਨੰਦ ਸੈਣੀ ਵੀ ਮੌਜੂਦ ਸਨ।
ਇਸ ਮੌਕੇ ਸਕੂਲ ਡਾਇਰੈਕਟਰ ਸ੍ਰੀ ਵਿਨੋਦ ਸਾਜਵਾਨ, ਪ੍ਰਿੰਸੀਪਲ ਸ਼੍ਰੀਮਤੀ ਸੁਨਿਧੀ ਸਾਜਵਾਨ ਅਤੇ ਪੂਰੀ ਟੀਮ ਨੇ ਮੁੱਖ ਮਹਿਮਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦਾ ਸਨਮਾਨ ਕੀਤਾ। ਬੱਚਿਆਂ ਵੱਲੋਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ, ਜਦੋਂ ਕਿ ਮੇਅਰ ਨੇ ਦੀਪ ਜਗਾ ਕੇ ਸਮਾਰੋਹ ਦਾ ਉਦਘਾਟਨ ਕੀਤਾ।
ਸਮਾਗਮ ਦੌਰਾਨ ਮੇਅਰ ਸ੍ਰੀ ਮਹਿਤਾ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ। ਉਨ੍ਹਾਂ ਬੱਚਿਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗ੍ਰਾਮ ਨੇ ਉਨ੍ਹਾਂ ਦੀ ਪ੍ਰਤਿਭਾ ਅਤੇ ਅਧਿਆਪਕਾਂ ਦੀ ਪ੍ਰਭਾਵਸ਼ਾਲੀ ਅਗਵਾਈ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕੀਤਾ ਹੈ।
ਆਪਣੇ ਸੰਬੋਧਨ ਵਿੱਚ, ਮੇਅਰ ਸ਼੍ਰੀ ਮਹਿਤਾ ਨੇ ਕਿਹਾ, "ਇਹ ਛੋਟੇ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਅਧਿਆਪਕ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਭਵਿੱਖ ਵਿੱਚ, ਇਹ ਬੱਚੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਗੇ।"