ਮਾਂ-ਬੋਲੀ ਪੰਜਾਬੀ ਦੀ ਸ਼ਾਨ ਨੂੰ ਬੁਲੰਦ ਕਰਨ ਲਈ ਡੀਐੱਸਜੀਐੱਮਸੀ ਵਚਨਬੱਧ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 14 ਫਰਵਰੀ,2026 ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਅਰਥਪੂਰਨ ਪ੍ਰੋਗਰਾਮ “ਰੂਹ-ਏ-ਪੰਜਾਬ” ਪ੍ਰਭਾਵਸ਼ਾਲੀ ਤਰੀਕੇ ਨਾਲ਼ ਕਰਵਾਇਆ ਗਿਆ।
ਸਰਦਾਰ ਕਾਲਕਾ ਨੇ ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਦਿੱਤੇ ਮਾਣ-ਸਤਿਕਾਰ ਲਈ ਦਿਲੋਂ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮਾਂ-ਬੋਲੀ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਸਿੱਖ ਕੌਮ ਦੀ ਆਤਮਾ, ਸੱਭਿਆਚਾਰ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿੰਦੇ ਹਾਂ, ਤਾਂ ਅਸੀਂ ਆਪਣੇ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ-ਬੋਲੀ ਪੰਜਾਬੀ ਦੇ ਮਿਆਰ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬੁਲੰਦੀਆਂ ਤੱਕ ਲਿਜਾਣ ਲਈ ਹਮੇਸ਼ਾਂ ਵਚਨਬੱਧ ਰਹੇਗੀ। ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਸਿੱਖਿਅਕ, ਸੱਭਿਆਚਾਰਕ ਅਤੇ ਸਾਹਿਤਕ ਪਹਲਾਂ ਨੂੰ ਹੋਰ ਵਿਆਪਕ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਮਾਂ-ਬੋਲੀ ਨਾਲ ਮਜ਼ਬੂਤ ਨਾਤਾ ਜੋੜ ਸਕਣ।
ਸਮਾਗਮ ਦੌਰਾਨ ਵਿਦਵਾਨਾਂ ਅਤੇ ਭਾਸ਼ਾ ਪ੍ਰੇਮੀਆਂ ਨੇ ਵੀ ਪੰਜਾਬੀ ਦੀ ਅਮਰ ਵਿਰਾਸਤ, ਇਸ ਦੀ ਰੂਹਾਨੀ ਮਹਿਕ ਅਤੇ ਵਿਸ਼ਵ ਪੱਧਰ ‘ਤੇ ਇਸ ਦੀ ਮਹੱਤਤਾ ਉੱਤੇ ਚਰਚਾ ਕਰਦਿਆਂ ਮਾਂ-ਬੋਲੀ ਦੀ ਸੇਵਾ ਲਈ ਆਪਣੀ ਅਟੁੱਟ ਵਫ਼ਾਦਾਰੀ ਦਾ ਪ੍ਰਗਟਾਵਾ ਕੀਤਾ।ਇਹ ਸਮਾਰੋਹ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਦੇ ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿੱਚ ਆਯੋਜਿਤ ਹੋਇਆ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਅਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੇ ਭਾਗ ਲੈ ਕੇ ਮਾਂ-ਬੋਲੀ ਪ੍ਰਤੀ ਆਪਣੀ ਨਿਸ਼ਠਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਡੀਐੱਸਜੀਐੱਮਸੀ ਵੱਲੋਂ ਇਹ ਉਪਰਾਲਾ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਮਾਂ-ਬੋਲੀ ਨੂੰ ਮਜ਼ਬੂਤ ਕਰਨ ਅਤੇ ਪੰਜਾਬੀਅਤ ਦੀ ਰੌਸ਼ਨੀ ਨੂੰ ਦੂਰ ਤੱਕ ਫੈਲਾਉਣ ਦਾ ਇਕ ਠੋਸ ਸੰਦੇਸ਼ ਹੈ।