ਮਨੀਸ਼ ਤਿਵਾੜੀ ਵੱਲੋਂ ਐਮ.ਪੀ ਕੋਟੇ ਚੋਂ ਜਾਰੀ ਐਬੂਲੈਂਸ ਲੋਕ ਸੇਵਾ ਨੂੰ ਸਮਰਪਿਤ
ਕਈ ਬੇਸ਼ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ ਇਹ ਐਂਬੂਲੈਂਸ: ਤਿਵਾੜੀ
ਪ੍ਰਮੋਦ ਭਾਰਤੀ /ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 27 ਅਪ੍ਰੈਲ,2026
ਸਿਹਤ ਇਮਰਜੈਂਸੀ ਦੇ ਔਖੇ ਵੇਲੇ ਪੀੜਿਤ ਵਿਅਕਤੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੇ ਉਦੇਸ਼ ਨਾਲ ਇੰਡੀਅਨ ਰੈਡ ਕਰੋਸ ਸੋਸਾਇਟੀ ਵੱਲੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਐਮ.ਪੀ ਕੋਟੇ ਚੋਂ ਜਾਰੀ ਰਕਮ ਨਾਲ ਖਰੀਦੀ ਗਈ ਐਂਬੂਲੈਂਸ ਨੂੰ ਅੱਜ ਲੋਕ ਸੇਵਾ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਵੱਲੋਂ ਸੀਨੀਅਰ ਅਫਸਰਾਂ ਦੀ ਮੌਜੂਦਗੀ ਵਿੱਚ ਐਬੂਲੈਂਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।
ਸੰਸਦ ਮੈਂਬਰ ਤਿਵਾੜੀ ਨੇ ਸੰਬੋਧਨ ਕਰਦਿਆਂ, ਕਿਹਾ ਕਿ ਸਿਹਤ ਐਮਰਜੈਂਸੀ ਦੇ ਔਖੇ ਵੇਲੇ ਪੀੜਿਤ ਵਿਅਕਤੀ ਨੂੰ ਸਮੇਂ ਸਿਰ ਡਾਕਟਰ ਇਲਾਜ ਮਿਲਣਾ ਉਸਦੇ ਬਚਣ ਦੀਆਂ ਸੰਭਾਵਨਾਵਾਂ ਨੂੰ ਕਈ ਗੁਣਾ ਵਧਾ ਦਿੰਦਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਵਾਸਤੇ ਉਹਨਾਂ ਵੱਲੋਂ ਆਪਣੇ ਐਮ.ਪੀ ਕੋਟੇ ਚੋਂ ਕਰੀਬ 23 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇਹ ਐਂਬੂਲੈਂਸ ਸਮੇਂ ਦੀ ਲੋੜ ਮੁਤਾਬਿਕ ਐਡਵਾਂਸ ਸੁਵਿਧਾਵਾਂ ਨਾਲ ਲੈਸ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਕਈ ਬੇਸ਼ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਉਹਨਾਂ ਨੇ ਕਿਹਾ ਕਿ ਸ਼ਹਿਰ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਵਾਸਤੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਫਿਰ ਭਾਵੇਂ ਆਪਣੇ ਐਮ.ਪੀ ਕੋਟੇ ਵਿੱਚੋਂ ਗਰਾਂਟਾਂ ਜਾਰੀ ਕਰਕੇ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਮੁਹੀਆ ਕਰਵਾਉਣਾ ਹੋਵੇ ਜਾਂ ਫਿਰ ਸ਼ਹਿਰ ਨਾਲ ਜੁੜੇ ਪ੍ਰਮੁੱਖ ਮੁੱਦਿਆਂ ਨੂੰ ਸੰਬੰਧਿਤ ਵਿਭਾਗਾਂ ਕੋਲ ਚੁੱਕ ਕੇ ਉਹਨਾਂ ਦਾ ਹੱਲ ਕਰਾਉਣਾ ਹੋਵੇ। ਤਿਵਾੜੀ ਨੇ ਕਿਹਾ ਕਿ ਇਸ ਸਿਲਸਿਲਾ ਆਉਂਦੇ ਦਿਨਾਂ ਦੌਰਾਨ ਵੀ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ, ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਸਿੰਘ ਭੱਟੀ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ
Click to Follow Babushahi Facebook page →