ਬਿਜਲੀ ਸੋਧ ਬਿੱਲ ਸਮੇਤ ਕਿਸਾਨੀ ਅਤੇ ਮਜ਼ਦੂਰ ਮੁੱਦਿਆਂ ਨੂੰ ਲੈ ਕੇ ਝੰਡਾ ਮਾਰਚ ਕਰਨ ਦਾ ਐਲਾਨ
ਅਸ਼ੋਕ ਵਰਮਾ
ਗਿੱਦੜਬਾਹਾ, 22 ਦਸੰਬਰ 2025 :ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਜਨਤਕ ਜਥੇਬੰਦੀਆਂ ਵੱਲੋਂ ਬਲਾਕ ਗਿੱਦੜਬਾਹਾ ਦੀ ਅਹਿਮ ਮੀਟਿੰਗ ਭਾਕਿਯੂ ਏਕਤਾ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ ਪ੍ਰਧਾਨਗੀ ਹੇਠ ਕਪਾਹ ਮੰਡੀ ਗਿੱਦੜਬਾਹਾ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਕਿਸਾਨ ਮਜ਼ਦੂਰ,ਮੁਲਾਜ਼ਮ,ਠੇਕਾ ਕਰਮ ਜੱਥੇਬੰਦੀਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕਰਕੇ ਬਿਜਲੀ ਬਿੱਲ 2025 ਤੇ ਬੀਜ ਬਿੱਲ 2025 ਨੂੰ ਵਾਪਸ ਲੈਣ, ਜਨਤਕ ਖੇਤਰ ਦੇ ਨਿੱਜੀਕਰਨ ਅਤੇ ਸਰਕਾਰੀ ਤੇ ਜਨਤਕ ਅਦਾਰਿਆਂ ਦੀਆਂ ਜਮੀਨਾਂ ਵੇਚਣ ਵਿਰੁੱਧ ਅਤੇ ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਇੱਕ ਵੱਡੀ ਜਨਤਕ ਲਾਮਬੰਦੀ ਕਰਦੇ ਹੋਏ ਸੰਘਰਸ਼ ਤੇਜ਼ ਕਰਨ ਦਾ ਮੁੱਢ ਬੰਨ ਦਿੱਤਾ। ਮੀਟਿੰਗ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ 28 ਦਸੰਬਰ ਸ਼ਹਿਰ ਗਿੱਦੜਬਾਹਾ ਪਿਊਰੀ ਫਾਟਕ ਤੋਂ ਸ਼ੁਰੂ ਕਰਕੇ ਪਿੰਡ ਗਿੱਦੜਬਾਹਾ, ਪਿਊਰੀ, ਦੌਲਾ, ਕੋਠੇ ਹਿੰਮਤਪੁਰਾ,ਭਾਰੂ, ਬੁੱਟਰ ਬਖੂਹਾ ਕੋਟ ਭਾਈ, ਛੱਤੇਆਣਾ ਸਾਹਿਬ ਚੰਦ ਚੋਟੀਆਂ ਆਦਿ ਚ ਮੋਟਰਸਾਈਕਲ ਹਰ ਤਰ੍ਹਾਂ ਦੀਆਂ ਗੱਡੀਆਂ ਰਾਹੀਂ ਝੰਡਾ ਮਾਰਚ ਕਰਕੇ ਜਨਤਕ ਲਾਮਬੰਦੀ ਕੀਤੀ ਜਾਵੇਗੀ।
ਇਸ ਮੌਕੇ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਭਾਕਿਯੂ ਏਕਤਾ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ ਭਾਕਿਯੂ ਏਕਤਾ ਡਕੌਂਦਾ ਧਨੇਰ ਦੇ ਹਰਵਿੰਦਰ ਸਿੰਘ ਗਿਲਜੇਵਾਲਾ, ਕੌਮੀ ਕਿਸਾਨ ਯੂਨੀਅਨ ਰਾਜਿੰਦਰ ਸਿੰਘ ਦੂਹੇਵਾਲਾ ਭਾਕਿਯੂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਵਿਰਕ ਬਲਜਿੰਦਰ ਸਿੰਘ ਖਾਲਸਾ ਗੁਰੂਸਰ ਭਾਕਿਯੂ ਕਾਦੀਆਂ ਇਕਾਈ ਪ੍ਰਧਾਨ ਕੁਲਵੀਰ ਸਿੰਘ ਥਰਾਜ ਵਾਲਾ, ਪੈਨਸ਼ਨਰ ਐਸੋਸ਼ੀਏਸ਼ਨ ਦੇ ਸ਼ਮਸ਼ੇਰ ਸਿੰਘ ਗਿੱਦੜਬਾਹਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਾਜ ਸਿੰਘ ਭੁੱਟੀ ਵਾਲਾ ਰਾਜਾ ਸਿੰਘ ਖੂਨਣ ਖੁਰਦ
ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਨੂੰ ਜਨਤਕ ਸੇਵਾ ਦੀ ਥਾਂ ਮੰਡੀ ਦੀ ਵਸਤੂ ਬਣਾਉਣ ਦੇ ਇਰਾਦੇ ਨਾਲ ਲਿਆਂਦੇ ਜਾ ਰਹੇ ਬਿਜਲੀ ਬਿੱਲ 2025 ਨੂੰ ਆਮ ਲੋਕਾਂ ਵਿਰੁੱਧ ਮੋਦੀ ਸਰਕਾਰ ਵੱਲੋਂ ਵਿੱਢੇ ਕਾਰਪੋਰੇਟ ਪੱਖੀ ਹਮਲੇ ਦੀ ਅਗਲੀ ਕੜੀ ਵਜੋਂ ਸਮਝਦਿਆਂ ਇਸ ਨੂੰ ਵਾਪਸ ਕਰਵਾਉਣ ਲਈ ਜਨਤਕ ਲਾਮਬੰਦੀ ਵੱਡੇ ਪੱਧਰ ਤੇ ਵਿੱਡੀ ਜਾਵੇਗੀ। ਜਿਸ ਤਹਿਤ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਚ ਮੋਟਰਸਾਈਕਲ ਮਾਰਚ, ਝੰਡਾ ਤੇ ਢੋਲ ਮਾਰਚ ਜਾਗੋ, ਰੈਲੀਆਂ ਅਤੇ ਮੁਜ਼ਾਹਰੇ ਕਰਕੇ ਜਨਤਕ ਮੁਹਿੰਮ ਭਖਾਉਣ ਦਾ ਸੱਦਾ ਦਿੱਤਾ ਦੇ ਨਾਲ ਨਾਲ 16 ਜਨਵਰੀ ਨੂੰ ਬਿਜਲੀ ਵਿਭਾਗ ਦੇ ਐਸ.ਈ. ਦਫਤਰਾਂ ਉੱਪਰ ਇੱਕ ਦਿਨ ਦੇ ਵਿਸ਼ਾਲ ਧਰਨੇ ਦੇਣ ਦਾ ਐਲਾਨ ਵੀ ਕੀਤਾ ਗਿਆ।
ਮੀਟਿੰਗ ਵਿੱਚ ਚਾਰ ਲੇਬਰ ਕੋਡ ਰੱਦ ਕਰਨ, ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜਮੀਨਾਂ ਵੇਚਣ ਵਿਰੁੱਧ ਵੀ ਆਵਾਜ਼ ਚੁੱਕਣ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਅਤੇ ਬੀਜ ਬਿਲ 2025 ਵਿਰੁੱਧ ਧਾਰੀ ਚੁੱਪ ਨੂੰ ਆੜੇ ਹੱਥੀਂ ਲੈਂਦਿਆਂ ਮੀਟਿੰਗ ਨੇ ਪੰਜਾਬ ਸਰਕਾਰ ਦੀ ਚੁੱਪ ਨੂੰ ਕੇਂਦਰ ਸਰਕਾਰ ਦੇ ਕਾਰਪੋਰੇਟ ਪੱਖੀ ਲੋਕ ਵਿਰੋਧੀ ਕਦਮਾਂ ਦੀ ਪੈੜ ਚ ਪੈਰ ਧਰਨ ਦੇ ਸਮਾਨ ਕਦਮ ਕਰਾਰ ਦਿੱਤਾ। ਇਸ ਮੌਕੇ ਗੁਰਭਗਤ ਸਿੰਘ ਭਲਾਈਆਣਾ, ਜੋਗਿੰਦਰ ਸਿੰਘ ਬੁੱਟਰ ਸਰੀਂਹ ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ ਨਾਹਰ ਸਿੰਘ ਦੌਲਾ ਜਸਵੀਰ ਸਿੰਘ ਪੱਪਲਾ ਦੋਦਾ ਗੁਰਚਰਨ ਸਿੰਘ ਬੁਬਾਣੀਆਂ ਬਲਦੇਵ ਸਿੰਘ ਬੁੱਟਰ ਬਖੂਹਾ ਬੋਹੜ ਸਿੰਘ ਹੁਸਨਰ ਜਸਵਿੰਦਰ ਸਿੰਘ, ਵੱਡੀ ਗਿਣਤੀ ਕਿਸਾਨ ਮਜ਼ਦੂਰ ਮੁਲਾਜ਼ਮ ਹਾਜ਼ਰ ਸਨ।