ਬਾਰ੍ਹਵੀਂ ਦਾ ਨਤੀਜਾ: ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਜਲਵਾ
ਅਸ਼ੋਕ ਵਰਮਾ
ਬਠਿੰਡਾ, 15 ਮਈ2025:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ’ਚੋਂ ਜ਼ਿਲ੍ਹਾ ਬਠਿੰਡਾ ਪਾਸ ਫੀਸਦੀ ਪੱਖੋਂ ਪੰਜਾਬ ਭਰ ’ਚੋਂ 16ਵੇਂ ਸਥਾਨ ਤੇ ਰਿਹਾ ਹੈ। ਜ਼ਿਲ੍ਹੇ ’ਚੋਂ 11 ਵਿਦਿਆਰਥੀ ਮੈਰਿਟ ਲਿਸਟ ’ਚ ਆਏ ਹਨ ਜਿਨ੍ਹਾਂ ’ਚ 2 ਮੁੰਡੇ 9 ਕੁੜੀਆਂ ਹਨ।ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਬੇਸ਼ੱਕ ਮੈਰੀਟੋਰੀਅਸ ਸਕੂਲ ਸਟਾਫ ਦੀਆਂ ਲੰਬੇ ਸਮੇਂ ਤੋਂ ਮੰਗਾਂ ਨਹੀਂ ਮੰਨੀਆ ਜਾ ਰਹੀਆਂ ਤੇ ਅਧਿਆਪਕਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਇਹਨਾਂ ਸਕੂਲਾਂ ਦਾ ਸਟਾਫ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਪੜ੍ਹਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਦਾ ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਅਧਿਆਪਕਾਂ ਦੀ ਮਿਹਨਤ ਦੀ ਗਵਾਹੀ ਭਰਦਾ ਹੈ ਕਿਉਂਕਿ ਬੋਰਡ ਵੱਲੋਂ ਅੱਜ ਐਲਾਨੇ 12ਵੀਂ ਦੇ ਨਤੀਜਿਆਂ ’ਚੋਂ ਜ਼ਿਲ੍ਹੇ ਦੇ 11 ਵਿਦਿਆਰਥੀਆਂ ’ਚੋਂ 6 ਇਕੱਲੇ ਇਸ ਸਕੂਲ ਦੇ ਵਿਦਿਆਰਥੀ ਹਨ।
ਵੇਰਵਿਆਂ ਮੁਤਾਬਿਕ ਜ਼ਿਲ੍ਹਾ ਬਠਿੰਡਾ ਦੇ 12425 ਵਿਦਿਆਰਥੀ 12ਵੀਂ ਜਮਾਤ ਦੀ ਪ੍ਰੀਖਿਆ ’ਚ ਬੈਠੇ ਸਨ ਜਿਨ੍ਹਾਂ ਵਿੱਚੋਂ 11041 (88.86 ਫੀਸਦੀ) ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ ਵੀ ਪਿਛਲੇ ਨਤੀਜਿਆਂ ਵਾਂਗ ਮੈਰਿਟ ’ਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਰਾਮ ਨਗਰ ਦੀ ਵਿਦਿਆਰਥਣ ਯਸ਼ਮੀਤ ਕੌਰ ਪੁੱਤਰੀ ਸੁਖਜੀਤ ਸਿੰਘ ਨੇ 500 ’ਚੋਂ 495 (99 ਫੀਸਦੀ, 5ਵਾਂ ਰੈਂਕ) ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕਰਦਿਆਂ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ ਦੀ ਜਸਮੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 500 ’ਚੋਂ 489 (97.80 ਫੀਸਦੀ, 11ਵਾਂ ਰੈਂਕ), ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਮਿੱਠੂ ਸਿੰਘ ਨੇ 500 ’ਚੋਂ 489 (97.80 ਫੀਸਦੀ, 11ਵਾਂ ਰੈਂਕ) ਹਾਸਲ ਕੀਤਾ ਹੈ।
ਇਸੇ ਤਰ੍ਹਾਂ ਹੀ ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਜਗਜੀਤ ਸਿੰਘ ਨੇ 500 ’ਚੋਂ 488 (97.60 ਫੀਸਦੀ 12ਵਾਂ ਰੈਂਕ), ਖਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਕੋਮਲ ਪੁੱਤਰੀ ਰਾਜ ਕੁਮਾਰ ਨੇ 500 ’ਚੋਂ 488 (97.60 ਫੀਸਦੀ 12ਵਾਂ ਰੈਂਕ), ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਵਿਦਿਆਰਥਣ ਅੰਜਲੀ ਸ਼ਰਮਾ ਪੁੱਤਰੀ ਮਨਦੀਪ ਕੁਮਾਰ ਨੇ 500 ’ਚੋਂ 487 (97.40 ਫੀਸਦੀ 13ਵਾਂ ਰੈਂਕ), ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਵਿਦਿਆਰਥਣ ਭਾਵਨਾ ਪੁੱਤਰੀ ਰਜਿੰਦਰ ਕੁਮਾਰ 500 ’ਚੋਂ 487 (97.40 ਫੀਸਦੀ ਹਾਸਲ ਕਰਕੇ 13ਵਾਂ ਰੈਂਕ ਲਿਆ ਹੈ।
ਖਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਲਾਇਬਾਨੂਰ ਪੁੱਤਰੀ ਆਸਿਫ ਖਾਨ ਨੇ 500 ’ਚੋਂ 487 (97.40 ਫੀਸਦੀ 13ਵਾਂ ਰੈਂਕ), ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੀ ਦਮਨਪ੍ਰੀਤ ਪੁੱਤਰੀ ਲਖਵੀਰ ਸਿੰਘ ਨੇ 500 ’ਚੋਂ 487 (97.40 ਫੀਸਦੀ 13ਵਾਂ ਰੈਂਕ), ਸਰਕਾਰੀ ਮਾਡਲ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਰਾਮ ਨਗਰ ਦੇ ਨਰਿੰਦਰ ਸਿੰਘ ਪੁੱਤਰ ਬੀਰਬਲ ਸਿੰਘ ਨੇ 500 ’ਚੋਂ 486 (97.20 ਫੀਸਦੀ, 14 ਵਾਂ ਰੈਂਕ) ਅਤੇ ਸਰਕਾਰੀ ਸੈਕੰਡਰੀ ਸਕੂਲ ਰੈਜ਼ੀਡੈਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਦੇ ਸਿਕੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਨੇ 500 ’ਚੋਂ 486 (97.20 ਫੀਸਦੀ, 14 ਵਾਂ ਰੈਂਕ) ਹਾਸਿਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਯਸ਼ਮੀਤ ਵੱਲੋਂ ਆਈਏਐਸ ਦੀ ਤਿਆਰੀ
12ਵੀਂ ਦੇ ਨਤੀਜਿਆਂ ’ਚੋਂ ਜ਼ਿਲ੍ਹੇ ’ਚੋਂ ਪਹਿਲੇ ਸਥਾਨ ਤੇ ਆਈ ਸਰਕਾਰੀ ਮਾਡਲ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਰਾਮ ਨਗਰ ਦੀ ਵਿਦਿਆਰਥਣ ਯਸ਼ਮੀਤ ਕੌਰ ਪੁੱਤਰੀ ਸੁਖਜੀਤ ਸਿੰਘ ਹੁਣ ਤੋਂ ਹੀ ਆਈਏਐਸ ਦੀ ਤਿਆਰੀ ਕਰ ਰਹੀ ਹੈ। ਉਹਨਾਂ ਦੱਸਿਆ ਕਿ ਦਸਵੀਂ ਜਮਾਤ ਤੱਕ ਉਹ ਪ੍ਰਾਈਵੇਟ ਸਕੂਲ ’ਚ ਪੜ੍ਹਦੀ ਸੀ ਪਰ ਪੰਜਾਬ ਸਰਕਾਰ ਵੱਲੋਂ ਬਣਾਏ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਮਿਲਣ ਤੇ ਉਹ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਣ ਲੱਗੀ। ਉਸ ਨੇ ਦੱਸਿਆ ਕਿ ਉਸ ਦਾ ਟੀਚਾ ਆਈਏਐਸ ਅਫਸਰ ਬਣਨ ਦਾ ਹੈ ਜਿਸ ਲਈ ਉਹ 8ਵੀਂ ਜਮਾਤ ਤੋਂ ਹੀ ਸਕੂਲੀ ਪੜ੍ਹਾਈ ਦੇ ਨਾਲ-ਨਾਲ ਇਸ ਦੀ ਵੀ ਤਿਆਰੀ ਕਰ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਯਸ਼ਮੀਤ ਕੌਰ ਤੋਂ ਇਲਾਵਾ ਮੈਡੀਕਲ ਗਰੁੱਪ ਦੇ ਵਿਦਿਆਰਥੀ ਨਰਿੰਦਰ ਸਿੰਘ ਨੇ ਵੀ ਮੈਰਿਟ ਸੂਚੀ ’ਚ ਨਾਮ ਦਰਜ ਕਰਵਾਇਆ ਹੈ। ਉਹਨਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸਮੁੱਚੇ ਸਕੂਲ ਸਟਾਫ ਨੂੰ ਵਧਾਈ ਦਿੱਤੀ।ਆਪਣੀ ਇਸ ਪ੍ਰਾਪਤੀ ਦਾ ਸਿਹਰਾ ਉਸ ਨੇ ਆਪਣੇ ਮਾਪਿਆਂ ਤੋਂ ਇਲਾਵਾ ਸਕੂਲ ਸਟਾਫ ਨੂੰ ਦਿੱਤਾ ਹੈ।