ਬਰਨਾਲਾ ਵਿੱਚ ਕੈਮੀਕਲਜ਼ ਫੈਕਟਰੀ ਵਿੱਚ ਵੱਡਾ ਹਾਦਸਾ
ਕਮਲਜੀਤ ਸਿੰਘ
ਬਰਨਾਲਾ : ਬਰਨਾਲਾ ਵਿੱਚ IOL ਕੈਮੀਕਲਜ਼ ਐਂਡ ਫਾਰਮਾਸਿਊਟਿਕਲਜ਼ ਲਿਮਿਟਡ ਦੀ ਫੈਕਟਰੀ ਵਿੱਚ ਦੋ ਦਿਨ ਪਹਿਲਾਂ ਹੋਏ ਗੈਸ ਲੀਕ ਹਾਦਸੇ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋਏ ਹਨ।
ਇਹ ਗੈਸ ਲੀਕ ਫਤਿਹਗੜ੍ਹ ਛੰਨਾ ਪਿੰਡ ਵਿੱਚ ਫੈਕਟਰੀ ਦੇ ਯੂਨਿਟ ਨੰਬਰ 3 ਵਿੱਚ ਹੋਈ, ਜਿੱਥੇ ਹਾਈਡਰੋਜਨ ਸਲਫਾਈਡ ਗੈਸ ਰਿਸਾਵਟ ਹੋਈ। ਗੈਸ ਸੋਂਘਣ ਕਾਰਨ ਚਾਰ ਕਰਮਚਾਰੀ- ਅਨਮੋਲ ਚੰਪਾ, ਵਿਕਾਸ ਸ਼ਰਮਾ, ਯੁਗਮ ਖੰਨਾ ਅਤੇ ਲਵਪ੍ਰੀਤ ਸਿੰਘ- ਬੇਹੋਸ਼ ਹੋ ਗਏ। ਉਨ੍ਹਾਂ ਨੂੰ ਬਰਨਾਲਾ ਦੇ BMC ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਅਨਮੋਲ ਚੰਪਾ ਦੀ ਮੌਤ ਹੋ ਗਈ। ਯੁਗਮ ਖੰਨਾ ਅਤੇ ਲਵਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ CMC ਹਸਪਤਾਲ ਰੈਫਰ ਕੀਤਾ ਗਿਆ ਹੈ, ਜਦਕਿ ਵਿਕਾਸ ਸ਼ਰਮਾ BMC ਹਸਪਤਾਲ ਵਿੱਚ ਵੈਂਟੀਲੇਟਰ 'ਤੇ ਹੈ।
ਬਰਨਾਲਾ ਦੇ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਭਗ 5:30 ਵਜੇ ਵਾਪਰੀ। ਧਮਾਕੇ ਤੋਂ ਬਾਅਦ ਧਨੌਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਦੇ ਨਿਰਦੇਸ਼ਕ ਅਤੇ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ। ਬਰਨਾਲਾ ਦੇ ਐਸਡੀਐਮ ਹਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਗੈਸ ਲੀਕ ਸਿਰਫ਼ ਇੱਕ ਚੈਂਬਰ ਤੱਕ ਸੀਮਿਤ ਸੀ ਅਤੇ ਕਿਸੇ ਹੋਰ ਹਿੱਸੇ ਵਿੱਚ ਗੈਸ ਦਾ ਰਿਸਾਵਟ ਨਹੀਂ ਹੋਇਆ, ਇਸ ਲਈ ਸਥਿਤੀ ਕਾਬੂ ਵਿੱਚ ਹੈ। ਉਨ੍ਹਾਂ ਨੇ ਦੱਸਿਆ ਕਿ ਮੌਕੇ 'ਤੇ ਚਾਰ ਕਰਮਚਾਰੀ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੋ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੁਆਰਾ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਫੈਕਟਰੀ ਪ੍ਰਬੰਧਨ ਦੀ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੌਕੇ 'ਤੇ ਬਚਾਅ ਕਰਮਚਾਰੀ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ ਅਤੇ ਹਾਲਾਤ ਤੇਜ਼ੀ ਨਾਲ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।