ਬਠਿੰਡਾ ਪੁਲਿਸ ਨੇ ਡੇਢ ਕਿਲੋ ਚਿੱਟੇ ਸਮੇਤ ਕਾਬੂ ਕੀਤਾ ਕਾਲੇ ਧੰਦੇ ਦੀ ਤਿਆਰੀ ਵਿੱਚ ਨਸ਼ਾ ਤਸਕਰ
ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2026 : ਬਠਿੰਡਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਡੇਢ ਕਿਲੋ ਤੋਂ ਵੱਧ ਚਿੱਟੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐਸਐਸਪੀ ਡਾਕਟਰ ਜਯੋਤੀ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਦੀ ਇਸ ਕਾਮਯਾਬੀ ਸਬੰਧੀ ਖੁਲਾਸਾ ਕੀਤਾ ਹੈ।ਉਹਨਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਭੱਟੀ ਰੋਡ ਨੇੜੇ ਬਰਨਾਲਾ ਬਾਈਪਾਸ ਸਲਿੱਪ ਰੋਡ ਮੌਜੂਦ ਸੀ ਤਾਂ ਇੱਕ ਨੌਜਵਾਨ ਰਾਜਾ ਪੁੱਤਰ ਇੰਦਰਜੀਤ ਵਾਸੀ ਹਰਦੇਵ ਨਗਰ ਬਠਿੰਡਾ (ਉਮਰ ਕਰੀਬ 27 ਸਾਲ) ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ । ਪੁਲਿਸ ਨੂੰ ਇਸ ਨੌਜਵਾਨ ਕੋਲ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਪਿਆ ਸੀ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ ਤੇ ਉਸ ਨੌਜਵਾਨ ਕੋਲੋਂ 1 ਕਿੱਲੋ 507 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਹੋਇਆ। ਉਹਨਾਂ ਦੱਸਿਆ ਕਿ ਇਸ ਮੌਕੇ ਨੌਜਵਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਿਹਾਰ ਦਾ ਜੰਮਪਲ ਹੈ ਪਰ ਹੁਣ ਕਰੀਬ 10/15 ਸਾਲ ਤੋਂ ਹਰਦੇਵ ਨਗਰ ਬਠਿੰਡਾ ਵਿੱਚ ਆਪਣਾ ਘਰ ਬਣਾਕੇ ਰਹਿ ਰਿਹਾ ਹੈ । ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਵਿਖੇ ਇਹ ਸਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬੈਕਵਾਰਡ ਤੇ ਫਾਰਵਰਡ ਲਿੰਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਹੈਰੋਇਨ ਕਿੱਥੋ ਲੈ ਕੇ ਆਇਆ ਸੀ ਅੱਗੇ ਕਿੱਥੇ ਸਪਲਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਮੁਲਜਮ ਰਾਜਾ ਦਾ ਅਦਾਲਤ ਤੋਂ ਰਿਮਾਂਡ ਹਾਸਿਲ ਕਰਨ ਉਪਰੰਤ ਡੁੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।