ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਦਿਨਾ ਵਿਸ਼ਵ ਸਿੱਖ ਕਾਨਫ਼ਰੰਸ ਆਰੰਭ
-'ਸਿੱਖ ਅਧਿਐਨ ਵਿੱਚ ਮੌਜੂਦਾ ਰੁਝਾਨ' ਵਿਸ਼ੇ ਉੱਤੇ ਹੋਵੇਗੀ ਚਰਚਾ
ਪਟਿਆਲਾ, 15 ਅਪ੍ਰੈਲ 2025 - ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕਰਵਾਈ ਜਾ ਰਹੀ ਤਿੰਨ ਦਿਨਾ ਵਿਸ਼ਵ ਸਿੱਖ ਕਾਨਫ਼ਰੰਸ ਸ਼ੁਰੂ ਹੋ ਗਈ ਹੈ। ਚੇਅਰ ਦੇ ਪ੍ਰੋਫ਼ੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਸਿੱਖ ਅਧਿਐਨ ਨਾਲ਼ ਇਸ ਕਾਨਫ਼ਰੰਸ ਵਿੱਚ 'ਸਿੱਖ ਅਧਿਐਨ ਵਿੱਚ ਮੌਜੂਦਾ ਰੁਝਾਨ' ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਾਨਫ਼ਰੰਸ ਹਰ ਸਾਲ ਵੱਡੇ ਪੱਧਰ 'ਤੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਿੱਖ ਅਧਿਐਨ ਬਾਰੇ ਗੱਲ ਕੀਤੀ ਜਾ ਸਕੇ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਆਪਣੇ ਕਾਨਫ਼ਰੰਸ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਸਿੱਖ ਫ਼ਿਲਾਸਫ਼ੀ ਦੇ ਤਿੰਨ ਸਿਧਾਂਤਾਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਅੰਤਰ-ਅਨੁਸ਼ਾਸ਼ਨ ਅਧਿਐਨ ਦੀ ਲੋੜ ਹੈ। ਵੱਖ-ਵੱਖ ਵਿਸ਼ਿਆਂ ਨੂੰ ਆਪਸ ਵਿੱਚ ਜੋੜ ਕੇ ਅਧਿਐਨ ਕੀਤੇ ਜਾਣਾ ਸਮੇਂ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦੇ ਧਾਰਮਿਕ ਮਾਹੌਲ ਨੇ ਉਨ੍ਹਾਂ ਨੂੰ ਗੁਰਬਾਣੀ ਜ਼ਰੀਏ ਪੰਜਾਬੀ ਨਾਲ਼ ਜੋੜਿਆ ਅਤੇ ਹਰ ਸੰਕਟ ਜਾਂ ਵੱਡੇ ਫ਼ੈਸਲੇ ਸਮੇਂ ਗੁਰੂ ਤੋਂ ਹੁਕਮਨਾਮਾ ਲੈਣ ਲਈ ਪ੍ਰੇਰਿਆ।
ਕਾਨਫ਼ਰੰਸ ਦਾ ਉਦਘਾਟਨੀ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋਫ਼ੈਸਰ ਅਤੇ ਡੀਨ ਭਾਸ਼ਾਵਾਂ ਡਾ. ਧਰਮ ਸਿੰਘ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਵਿਚ ਭਾਈ ਗੁਰਦਾਸ ਜੀ ਤੋਂ ਲੈ ਕੇ ਅੱਜ ਦੇ ਸਿੱਖ ਅਧਿਐਨ ਬਾਰੇ ਵਿਚਾਰ ਪ੍ਰਸਤੁਤ ਕੀਤੇ। ਉਨ੍ਹਾਂ ਕਿਹਾ ਕਿ ਸਾਇੰਸ ਅਤੇ ਸੋਸ਼ਲ ਸਾਇੰਸ ਦੇ ਵੱਖੋ-ਵੱਖ ਵਿਸ਼ਿਆਂ ਨੂੰ ਗੁਰਬਾਣੀ ਦੇ ਸੰਦਰਭ ਵਿਚ ਹੋਰ ਵੀ ਗੰਭੀਰਤਾ ਨਾਲ ਸਮਝਿਆ ਜਾ ਸਕਦਾ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਧਰਮ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਆਪਣੇ ਮੁੱਖ-ਸੁਰ ਭਾਸ਼ਣ ਦੌਰਾਨ ਕਿਹਾ ਕਿ ਕਿ ਸਿੱਖ ਅਧਿਐਨ ਨੂੰ ਇਤਿਹਾਸ ਅਤੇ ਸਮਾਜਕ ਵਿਧੀਆਂ ਤੱਕ ਰੱਖਣਾ ਸਹੀ ਨਹੀਂ ਹੈ, ਸਗੋਂ ਸਿੱਖ ਅਧਿਐਨ ਲਈ ਪਵਿੱਤਰਤਾ ਦੇ ਨੁਕਤੇ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿ ਗੁਰਬਾਣੀ ਭਾਸ਼ਾ ਦਰਅਸਲ ਸੰਕਲਪਾਂ ਦੀ ਭਾਸ਼ਾ ਹੈ ਅਤੇ ਸਿੱਖ ਅਧਿਐਨ ਸੰਕਲਪਾਂ ਦੀ ਭਾਸ਼ਾ ਦਾ ਮਾਧਿਅਮ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਸਰਬਜਿੰਦਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਅਜੋਕੇ ਸਮੇਂ ਵਿਚ ਨੌਜਵਾਨਾਂ ਦੇ ਸਿੱਖ ਅਧਿਐਨ ਵੱਲ ਘਟਦੇ ਰੁਝਾਨ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਿੱਖ ਅਧਿਐਨ ਦਾ ਉਦੇਸ਼ ਅਤੇ ਇਸ ਦੇ ਖੇਤਰ ਦਾ ਨਿਰਧਾਰਨ ਕਰਨ ਲਈ ਸਿੱਖਮਤਿ ਅਤੇ ਸਿੱਖਾਂ ਨਾਲ ਸੰਬੰਧਤ ਮਾਮਲਿਆਂ ਦਾ ਅਧਿਐਨ ਕਰਨ ਵਾਲੇ ਵਿਸ਼ਿਆਂ ਬਾਰੇ ਸਪਸ਼ਟ ਸਮਝ ਅਤੇ ਪਹੁੰਚ ਅਪਣਾਉਂਣ ਦੀ ਲੋੜ ਹੈ।
ਉਦਘਾਟਨੀ ਸੈਸ਼ਨ ਉਪਰੰਤ ਅਕਾਦਮਿਕ ਸੈਸ਼ਨ ਵਿਚ ਡਾ. ਮੁਹੰਮਦ ਹਬੀਬ, ਡਾ. ਪਵਨ ਕੁਮਾਰ, ਜਗਸੀਰ ਸਿੰਘ, ਵਿਕਰਮਜੀਤ ਸਿੰਘ, ਡਾ. ਸਰਵਨ ਸਿੰਘ ਆਦਿ ਵਿਦਵਾਨਾਂ ਵਲੋਂ ਖੋਜ ਪਰਚੇ ਪੇਸ਼ ਕੀਤੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਡਾ ਦਲਵਿੰਦਰ ਸਿੰਘ ਗਰੇਵਾਲ, ਸਾਬਕਾ ਡੀਨ ਅਤੇ ਪ੍ਰੋਫੈਸਰ, ਦੇਸ਼ ਭਗਤ ਯੂਨੀਵਰਸਿਟੀ, ਗੋਬਿੰਦਗੜ੍ਹ, ਡਾ। ਪਰਮਵੀਰ ਸਿੰਘ, ਪ੍ਰੋਫੈਸਰ, ਸਿੱਖ ਵਿਸ਼ਵਕੋਸ਼ ਵਿਭਾਗ ਵਲੋਂ ਸਵਾਗਤ, ਡਾ. ਜਸਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਨੇ ਕਨਵੀਨਰ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਡਾ. ਰਸਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਡਿਸਟੈਂਸ ਐਜੂਕੇਸ਼ਨ ਵਿਭਾਗ ਨੇ ਸਟੇਜ ਸੰਚਾਲਨ ਕੀਤਾ।