ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ਼ ਜੁੜੇ ਰਹਿਣਾ ਬਹੁਤ ਜ਼ਰੂਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਪੰਜਾਬੀ ਯੂਨੀਵਰਸਿਟੀ ਵਿਖੇ 37ਵੀਂ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ ਆਰੰਭ
ਤਕਨਾਲੌਜੀ ਦੇ ਯੁੱਗ ਵਿੱਚ ਆਪਣੇ ਵਿਰਸੇ ਨੂੰ ਸਹੀ ਤਰੀਕੇ ਨਾਲ਼ ਸੰਭਾਲ਼ ਕੇ ਰੱਖਣਾ ਵੀ ਹੈ ਚੁਣੌਤੀ: ਉਪ-ਕੁਲਪਤੀ ਡਾ. ਜਗਦੀਪ ਸਿੰਘ
ਪਟਿਆਲਾ, 28 ਜਨਵਰੀ
"ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ਼ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਜੇ ਪੰਜਾਬੀ ਹੈ ਤਾਂ ਹੀ ਪੰਜਾਬ ਹੈ ਅਤੇ ਜੇ ਪੰਜਾਬ ਹੈ ਤਾਂ ਹੀ ਅਸੀਂ ਸਾਰੇ ਹਾਂ।"
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ 37ਵੀਂ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕਰਦਿਆਂ ਪ੍ਰਗਟਾਏ। 'ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ: ਸਮੱਸਿਆਵਾਂ ਅਤੇ ਸਮਾਧਾਨ' ਵਿਸ਼ੇ ਉੱਤੇ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਅਤ ਦੀ ਵਿਲੱਖਣ ਪਛਾਣ ਨੂੰ ਅਸੀਂ ਕਾਇਮ ਰੱਖਣਾ ਹੈ। ਇੱਕ ਹੋਰ ਅਹਿਮ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਅਸੀਂ ਬੌਧਿਕ ਵਿਕਾਸ ਨਹੀਂ ਰੁਕਣ ਦੇਣਾ। ਇਸ ਮਕਸਦ ਲਈ ਪੁਸਤਕਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਇਸ ਮੌਕੇ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਵੀ ਗੱਲ ਕੀਤੀ ਅਤੇ ਨਾਲ਼ ਹੀ ਕਿਹਾ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬਿਹਤਰੀ ਲਈ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਦੀ ਸਫਲਤਾ ਸਭ ਦੇ ਸਹਿਯੋਗ ਨਾਲ਼ ਹੀ ਸੰਭਵ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਕਨਾਲੌਜੀ ਦੇ ਯੁੱਗ ਵਿੱਚ ਆਪਣੇ ਵਿਰਸੇ ਨੂੰ ਸਹੀ ਤਰੀਕੇ ਨਾਲ਼ ਸੰਭਾਲ਼ ਕੇ ਰੱਖਣਾ ਵੀ ਇੱਕ ਚੁਣੌਤੀ ਵਾਂਗ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਵੱਖ-ਵੱਖ ਤਰ੍ਹਾਂ ਦਾ ਡੈਟਾ ਬਹੁਤ ਅਹਿਮੀਅਤ ਰਖਦਾ ਹੈ ਤਾਂ ਇਹ ਸਾਡਾ ਫਰਜ਼ ਹੈ ਕਿ ਅਸੀਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ਼ ਸਬੰਧਤ ਪ੍ਰਮਾਣਿਤ ਡੈਟਾ ਇੰਟਰਨੈੱਟ ਦੇ ਸਬੰਧਤ ਸਰੋਤਾਂ ਤੱਕ ਉਪਲਬਧ ਕਰਵਾਈਏ। ਉਨ੍ਹਾਂ ਕਿਹਾ ਕਿ ਸਾਨੂੰ ਨਵੇਂ ਯੁੱਗ ਦੀਆਂ ਇਨ੍ਹਾਂ ਨਵੀਂਆਂ ਚੁਣੌਤੀਆਂ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਗਿਆਨ-ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਕਾਰਜਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਜਦੋਂ ਕੌਮੀ ਸਿੱਖਿਆ ਨੀਤੀ ਵਿੱਚ ਵੀ ਇਸ ਗੱਲ ਨੂੰ ਵਿਸ਼ੇਸ਼ ਤੌਰ ਉੱਤੇ ਉਭਾਰਿਆ ਗਿਆ ਹੈ ਕਿ ਖੇਤਰੀ ਭਾਸ਼ਾਵਾਂ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਣਾ ਚਾਹੀਦਾ ਹੈ ਤਾਂ ਯੂਨੀਵਰਸਿਟੀ ਦੇ ਇਸ ਵਿਭਾਗ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਜਸਬੀਰ ਸਿੰਘ ਗਿੱਲ, ਯੂ.ਐੱਸ.ਏ. ਨੇ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ਼ ਸਾਈਬਰ-ਸੁਰੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਪੰਜਾਬੀ ਭਾਸ਼ਾ ਦੀ ਖ਼ੂਬਸੂਰਤੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦਾ ਧੁਰਾ ਬਣਾਏ ਜਾਣ ਦੀ ਲੋੜ ਹੈ।
ਡਾ. ਮਲਕੀਤ ਸਿੰਘ ਸੈਣੀ ਨੇ ਕਾਨਫ਼ਰੰਸ ਦੇ ਮੁੱਖ-ਸੁਰ ਭਾਸ਼ਣ ਦੌਰਾਨ ਵਿਗਿਆਨ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਕਰਵਾਏ ਜਾਣ ਸਬੰਧੀ ਔਕੜਾਂ, ਚੁਣੌਤੀਆਂ ਅਤੇ ਹੱਲ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨਕ ਸੰਕਲਪਾਂ ਲਈ ਢੁਕਵੀਂ ਸ਼ਬਦਾਵਲੀ ਦੀ ਘਾਟ ਹੋਣ ਦੇ ਬਾਵਜੂਦ ਵਿਗਿਆਨ ਨੂੰ ਪੰਜਾਬੀ ਭਾਸ਼ਾ ਵਿੱਚ ਪੜ੍ਹਨਾ-ਲਿਖਣਾ ਅਸੰਭਵ ਨਹੀਂ ਹੈ। ਉਨ੍ਹਾਂ ਅੰਗਰੇਜ਼ੀ ਅਤੇ ਰਸ਼ੀਅਨ ਭਾਸ਼ਾਵਾਂ ਦੀ ਮਿਸਾਲ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਲਾਤੀਨੀ ਅਤੇ ਗਰੀਕ ਭਾਸ਼ਾ ਤੋਂ ਸ਼ਬਦਾਵਲੀ ਉਧਾਰ ਲੈ ਕੇ ਗਿਆਨ ਦਾ ਪ੍ਰਸਾਰ ਕੀਤਾ ਹੈ। ਉਨ੍ਹਾਂ ਵੱਖ-ਵੱਖ ਅਦਾਰਿਆਂ ਨੂੰ ਇਸ ਦਿਸ਼ਾ ਵਿੱਚ ਅੱਗੇ ਆਉਣ ਲਈ ਪ੍ਰੇਰਿਆ।
ਧੰਨਵਾਦੀ ਭਾਸ਼ਣ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਵੱਲੋਂ ਦਿੱਤਾ ਗਿਆ। ਉਦਘਾਟਨੀ ਸੈਸ਼ਨ ਦਾ ਸੰਚਾਲਨ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਕੀਤਾ।
ਇਸ ਮੌਕੇ ਵਿਭਾਗ ਵੱਲੋਂ ਪ੍ਰਕਾਸ਼ਿਤ ਦੋ ਰਸਾਲੇ ਅਤੇ ਕੁੱਝ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।