ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਵਧਾਇਆ ਬਜਟ
16 ਕਰੋੜ ਰੁਪਏ ਤੋਂ ਵਧਾ ਕੇ ਕੀਤਾ 20 ਕਰੋੜ ਰੁਪਏ
ਵਾਈਸ-ਚਾਂਸਲਰ ਕਾਨਫ਼ਰੰਸ ਸੀਰੀਜ਼ ਲਈ ਰੱਖੀ 75 ਲੱਖ ਰੁਪਏ ਦੀ ਰਾਸ਼ੀ
ਪਟਿਆਲਾ, 25 ਮਾਰਚ 2026- ਪੰਜਾਬੀ ਯੂਨੀਵਰਸਿਟੀ ਨੇ ਨਵੇਂ ਵਿੱਤੀ ਵਰ੍ਹੇ ਤੋਂ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਮੌਜੂਦਾ ਬਜਟ 16 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੀ ਵਿੱਤ ਕਮੇਟੀ ਦੀ ਅੱਜ ਹੋਈ ਇਕੱਤਰਤਾ ਵਿੱਚ ਸਾਲ 2026-27 ਲਈ 125 ਕਰੋੜ ਰੁਪਏ ਘਾਟੇ ਦਾ ਬਜਟ ਪਾਸ ਕਰ ਦਿੱਤਾ ਗਿਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਸਾਲ 2026-27 ਦੌਰਾਨ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੀ ਗਰਾਂਟ ਅਤੇ ਆਪਣੇ ਸਰੋਤਾਂ ਤੋਂ ਕੁੱਲ 631 ਕਰੋੜ ਰੁਪਏ ਦੀ ਆਮਦਨ ਅਤੇ 756 ਕਰੋੜ ਰੁਪਏ ਖਰਚੇ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਅਧਿਆਪਨ, ਖੋਜ, ਸਿੱਖਿਆ ਦਾ ਸੁਧਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੁੱਲ ਬਜਟ ਵਿੱਚੋਂ 43.40% ਰਾਸ਼ੀ ਰਾਖਵੀਂ ਰੱਖੀ ਗਈ ਹੈ।
ਉਨ੍ਹਾਂ ਬਜਟ ਦੇ ਮੁੱਖ ਨੁਕਤਿਆਂ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਅਗਲੇ ਵਿੱਤੀ ਵਰ੍ਹੇ ਤੋਂ ਕੁਝ ਵਿਸ਼ੇਸ਼ ਕਾਰਜਾਂ ਲਈ ਵੱਖਰੇ ਤੌਰ 'ਤੇ ਰਾਸ਼ੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਈਸ-ਚਾਂਸਲਰ ਕਾਨਫ਼ਰੰਸ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਲਈ ਲਗਭਗ 75 ਲੱਖ ਰੁਪਏ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਸ ਕਾਨਫ਼ਰੰਸ ਦਾ ਉਦੇਸ਼ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੀਆਂ ਅਧਿਆਪਨ ਅਤੇ ਖੋਜ ਗਤੀਵਿਧੀਆਂ ਨੂੰ ਹੋਰ ਉਸਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਇਹ ਬਹੁਤ ਲਾਹੇਵੰਦ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਧਿਆਪਕਾਂ ਵੱਲੋਂ ਦੇਸ਼-ਵਿਦੇਸ਼ ਵਿਚ ਅਕਾਦਮਿਕ ਅਤੇ ਖੋਜ ਕਾਰਜਾਂ ਲਈ ਸੈਮੀਨਾਰ ਅਤੇ ਕਾਨਫਰੰਸਾਂ ਆਦਿ 'ਤੇ ਜਾਣ ਲਈ ਯਾਤਰਾ ਗਰਾਂਟ ਲਈ 15 ਲੱਖ ਰੁਪਏ, ਸਾਭ-ਸੰਭਾਲ ਅਤੇ ਮੁਰੰਮਤ ਲਈ 3 ਕਰੋੜ ਰੁਪਏ, ਜੀਰੋ ਵੇਸਟ ਲਈ 30 ਲੱਖ ਰੁਪਏ, ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸੀ.ਸੀ.ਟੀ.ਵੀ. ਕੈਮਰਿਆਂ ਲਈ 25 ਲੱਖ ਰੁਪਏ ਰਾਖਵੇਂ ਰੱਖਣ ਦੇ ਨਾਲ ਸੁਰੱਖਿਆ ਅਮਲੇ ਵਿਚ ਵੀ ਵਾਧਾ ਕਰਨ ਲਈ ਵਿਸ਼ੇਸ਼ ਬਜਟ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਖਿਡਾਰੀਆਂ ਦੀ ਡਾਈਟ ਮਨੀ ਵੀ ਪੰਜਾਬ ਰਾਜ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਵੱਧ ਵੀ ਕੀਤੀ ਗਈ ਹੈ, ਇਸ ਲਈ 2 ਕਰੋੜ ਰੁਪਏ ਦੀ ਰਾਸ਼ੀ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸ਼ਾਖਾ ਦੀਆਂ ਮੌਜੂਦਾ ਦੇਣਦਾਰੀਆਂ ਦੀਆਂ ਅਦਾਇਗੀਆਂ ਕਰਨ ਦੇ ਨਾਲ਼-ਨਾਲ਼ ਪਿਛਲੇ ਸਮੇਂ ਦੀਆਂ ਪੈਂਡਿੰਗ ਦੇਣਦਾਰੀਆਂ ਵਿਚੋਂ ਵੀ 20% ਰਾਸ਼ੀ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਹੋਰ ਪੈਂਡਿੰਗ ਅਦਾਇਗੀਆਂ ਕਰਨ ਬਾਰੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪ੍ਰੀਖਿਆ ਸ਼ਾਖਾ ਨਾਲ ਸਬੰਧਿਤ ਕਾਰਜ ਸੁਚਾਰੂ ਰੂਪ ਵਿਚ ਚਲਾਏ ਜਾ ਸਕਣ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਨਵੇਂ ਹੋਸਟਲਾਂ ਦਾ ਨਿਰਮਾਣ ਵੀ ਅਗਲੇ ਵਿੱਤੀ ਵਰ੍ਹੇ ਦਾ ਮੁੱਖ ਕਾਰਜ ਹੈ। ਇਸ ਸਬੰਧੀ ਓ.ਬੀ.ਸੀ. ਵਿਦਿਆਰਥੀਆਂ ਲਈ ਦੋ ਹੋਸਟਲਾਂ (ਇਕ ਲੜਕਿਆਂ ਲਈ ਅਤੇ ਇਕ ਲੜਕੀਆਂ ਲਈ) ਦੀ ਗਰਾਂਟ ਦੀ ਪ੍ਰਵਾਨਗੀ ਕੇਂਦਰ ਸਰਕਾਰ ਤੋਂ ਪ੍ਰਾਪਤ ਹੋ ਚੁੱਕੀ ਹੈ। ਇਨ੍ਹਾਂ ਹੋਸਟਲਾਂ ਦਾ ਨੀਂਹ ਪੱਥਰ ਰੱਖਣ ਦੀ ਪ੍ਰਕਿਰਿਆ ਜਲਦੀ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਵਿਚ ਵਾਧਾ ਕਰਨ ਦੇ ਮੰਤਵ ਨਾਲ਼ ਹੋਸਟਲਾਂ ਵਿਚ ਜਿੰਮ ਖੋਲ੍ਹੇ ਜਾਣ ਸਬੰਧੀ ਵੀ ਇਸ ਬਜਟ ਵਿਚ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਸੈਲਰੀ ਅਤੇ ਨਿਰਬਾਹ ਗਰਾਂਟ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਹਾਜ਼ਰ ਨੁਮਾਇੰਦਿਆਂ ਨੂੰ 2026-27 ਲਈ ਗਰਾਂਟ ਵਧਾਉਣ ਲਈ ਵੀ ਅਪੀਲ ਕੀਤੀ।
Click to Follow Babushahi Facebook page →