ਪੰਚਾਇਤ ਸੰਮਤੀ ਬਲਾਕ ਬਠਿੰਡਾ ਦੇ 15 ਜੋਨਾਂ ਦੀ ਸ਼੍ਰੇਣੀ ਮੁਤਾਬਿਕ ਸੂਚੀ ਜਾਰੀ
ਅਸ਼ੋਕ ਵਰਮਾ
ਬਠਿੰਡਾ, 1 ਦਸੰਬਰ 2025: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਬਠਿੰਡਾ ਦੇ ਪੰਚਾਇਤ ਸੰਮਤੀ ਦੇ 15 ਜੋਨਾਂ ਦੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। ਇਹ ਜਾਣਕਾਰੀ ਰਿਟਰਨਿੰਗ ਅਫਸਰ ਪੰਚਾਇਤ ਸੰਮਤੀ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ ਬਲਕਰਨ ਸਿੰਘ ਮਾਹਲ ਨੇ ਸਾਂਝੀ ਕੀਤੀ।
ਰਿਟਰਨਿੰਗ ਅਫਸਰ ਪੰਚਾਇਤ ਸੰਮਤੀ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਪੰਚਾਇਤ ਸੰਮਤੀ ਦੇ ਪਿੰਡ ਦਿਉਣ, ਗਹਿਰੀ ਭਾਗੀ ਉਰਫ ਗਹਿਰੀ ਦੇਵੀ ਨਗਰ ਤੇ ਝੂੰਬਾ (ਅਨੁਸੂਚਿਤ ਜਾਤੀ), ਬੀੜ ਬਹਿਮਣ, ਚੁੱਘੇ ਕਲਾਂ ਤੇ ਤਲਾਬ ਨਹਿਰ ਬਸਤੀ (ਅਨੁਸੂਚਿਤ ਜਾਤੀ ਇਸਤਰੀ), ਤਿਉਣਾ, ਬੱਲੂਆਣਾ, ਗੁਲਾਬਗੜ੍ਹ ਤੇ ਬੁਲਾਢੇਵਾਲਾ (ਇਸਤਰੀ), ਜੱਸੀ ਪੌਂ ਵਾਲੀ, ਭਾਗੂ, ਵਿਰਕ ਕਲਾਂ, ਮੁਲਤਾਨੀਆਂ ਅਤੇ ਬੁਰਜ ਮਹਿਮਾ (ਜਨਰਲ) ਲਈ ਚੋਣ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਜੋਨਾਂ ਲਈ ਉਮੀਦਵਾਰ ਜਾਂ ਉਸ ਦਾ ਤਜ਼ਵੀਜ ਕਰਤਾ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਿਟਰਨਿੰਗ ਅਫ਼ਸਰ ਨੂੰ 4 ਦਸੰਬਰ 2025 ਤੱਕ (ਸਿਵਾਏ ਪਬਲਿਕ ਛੁੱਟੀ ਵਾਲੇ ਦਿਨ) ਕਮਰਾ ਨੰਬਰ 311 ਅਦਾਲਤ ਰੂਮ, ਦੂਜੀ ਮੰਜਿਲ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈਣੀ ਚਾਹੁੰਦਾ ਹੈ ਤਾਂ ਉਹ ਜਾਂ ਉਸ ਦਾ ਤਜਵੀਜ ਕਰਤਾ, (ਜਿਸ ਨੂੰ ਉਸ ਵੱਲੋ ਲਿਖਤੀ ਰੂਪ ਵਿਚ ਅਧਿਕਾਰਤ ਕੀਤਾ ਗਿਆ ਹੋਵੇ) ਤਾਂ ਉਹ 6 ਦਸੰਬਰ 2025 ਨੂੰ ਦੁਪਹਿਰ 3 ਵਜੇ ਤੱਕ ਲੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 6 ਦਸੰਬਰ 2025 ਨੂੰ ਦੁਪਹਿਰ 3 ਵਜੇ ਤੋਂ ਬਾਅਦ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਚੋਣਾਂ 14 ਦਸੰਬਰ 2025 ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।