ਪਾਠੀ ਸਿੰਘਾਂ ਦੀ ਭਲਾਈ ਲਈ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ: ਹਰਮੀਤ ਸਿੰਘ ਕਾਲਕਾ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ 13 ਮਈ ,2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿੱਚ ਸੇਵਾ ਨਿਭਾ ਰਹੇ ਪਾਠੀ ਸਿੰਘਾਂ ਦੀ ਭੇਟਾ ਵਿੱਚ ਵਾਧਾ ਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਇਸ ਫੈਸਲੇ ਨਾਲ ਪਾਠੀ ਸਿੰਘਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਮੂਹ ਪਾਠੀ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਇਸ ਫੈਸਲੇ ਲਈ ਧੰਨਵਾਦ ਪ੍ਰਗਟਾਇਆ। ਇਸ ਮੌਕੇ ਪਾਠੀ ਸਿੰਘਾਂ ਨੇ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਘਰਾਂ ਵਿੱਚ ਨਿਤਨੇਮ, ਗੁਰਬਾਣੀ ਪਾਠ ਅਤੇ ਆਤਮਿਕ ਵਾਤਾਵਰਣ ਨੂੰ ਬਣਾਈ ਰੱਖਣ ਵਿੱਚ ਪਾਠੀ ਸਿੰਘਾਂ ਦਾ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਗੁਰੂ ਘਰ ਦੀ ਸੇਵਾ ਕਰ ਰਹੇ ਸੇਵਾਦਾਰਾਂ ਅਤੇ ਧਾਰਮਿਕ ਅਹੁਦੇਦਾਰਾਂ ਦੇ ਸਨਮਾਨ ਅਤੇ ਭਲਾਈ ਲਈ ਵਚਨਬੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਪਾਠੀ ਸਿੰਘਾਂ ਦੀ ਭੇਂਟਾ ਵਿੱਚ ਵਾਧਾ ਕਰਨਾ ਸਿਰਫ਼ ਇੱਕ ਪ੍ਰਸ਼ਾਸਕੀ ਫੈਸਲਾ ਨਹੀਂ, ਸਗੋਂ ਗੁਰੂ ਘਰ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਸਤਿਕਾਰ ਅਤੇ ਕਦਰ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਵਿੱਚ ਵੀ ਧਾਰਮਿਕ ਸੇਵਾਵਾਂ ਨਾਲ ਜੁੜੇ ਹਰ ਵਰਗ ਦੀ ਭਲਾਈ ਅਤੇ ਸਹੂਲਤਾਂ ਲਈ ਲਗਾਤਾਰ ਯਤਨ ਕਰਦੀ ਰਹੇਗੀ।
ਸਰਦਾਰ ਕਾਲਕਾ ਨੇ ਪਾਠੀ ਸਿੰਘਾਂ ਵੱਲੋਂ ਦਿੱਤੇ ਗਏ ਸਤਿਕਾਰ, ਪਿਆਰ ਅਤੇ ਸ਼ੁਭ ਅਸੀਸਾਂ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ।
- Download Babushahi App
-
-