ਪਾਇਲ ਦੇ ਪਿੰਡ ਰਾਈਮਾਜਰਾ ਵਿੱਚ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦੀ ਸ਼ੁਰੂਆਤ, ਨੀਹ ਪੱਥਰ ਰੱਖਿਆ
25 ਸਾਲਾਂ ’ਚ ਕਿਸੇ ਨੇ ਨਹੀਂ ਲਈ ਸਾਰ, ਹੁਣ ਵਿਧਾਇਕ ਗਿਆਸਪੁਰਾ ਨੇ ਫੜੀ ਪਿੰਡ ਵਾਸੀਆਂ ਦੀ ਬਾਂਹ
ਰਵਿੰਦਰ ਸਿੰਘ
ਖੰਨਾ, 29 ਜਨਵਰੀ 2026: ਪਾਇਲ ਹਲਕੇ ਦੇ ਪਿੰਡ ਰਾਈਮਾਜਰਾ ਦੇ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ, ਜਦੋਂ 25 ਸਾਲਾਂ ਤੋਂ ਨਿਰਮਾਣ ਦੀ ਉਡੀਕ ਕਰ ਰਹੀ ਸੜਕ ਦੀ ਆਖ਼ਰਕਾਰ ਸੁਧ ਲੈ ਲਈ ਗਈ। ਪਿਛਲੇ ਦੋ ਢਾਈ ਦਹਾਕਿਆਂ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਇਸ ਟੁੱਟੀ ਤੇ ਖਤਮ ਹੋ ਚੁੱਕੀ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਵਾਸੀਆਂ ਦੀ ਬਾਂਹ ਫੜਦਿਆਂ ਇਸ ਸੜਕ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ।
ਇਹ ਸੜਕ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਨੀਹ ਪੱਥਰ ਸਮਾਗਮ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ 25 ਸਾਲਾਂ ਤੋਂ ਇਹ ਸੜਕ ਬਿਲਕੁਲ ਖ਼ਸਤਾਹਾਲ ਸੀ, ਜਿਸ ਕਰਕੇ ਪਿੰਡ ਵਾਸੀਆਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸੜਕ ਸਿਰਫ਼ ਪਿੰਡ ਦੇ ਘਰਾਂ ਤੱਕ ਹੀ ਨਹੀਂ ਜਾਂਦੀ, ਸਗੋਂ ਕਿਸਾਨਾਂ ਦੇ ਖੇਤਾਂ ਅਤੇ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਤੱਕ ਪਹੁੰਚ ਦਾ ਮੁੱਖ ਸਾਧਨ ਵੀ ਹੈ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸੜਕ ਟੁੱਟੀ ਹੋਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਆਵਾਜਾਈ ਵਿੱਚ ਦਿੱਕਤ ਆਉਂਦੀ ਸੀ, ਜਦਕਿ ਸ਼ਰਧਾਲੂਆਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਹਿਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਅਤੇ ਇਸੇ ਸੋਚ ਦੇ ਤਹਿਤ ਰਾਈਮਾਜਰਾ ਦੀ ਇਸ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਪੂਰਾ ਕੀਤਾ ਗਿਆ ਹੈ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਇਲ ਸ਼ਹਿਰ ਦੀ ਨੁਹਾਰ ਨੂੰ ਬਦਲਣ ਲਈ ਕਰੀਬ ਡੇਢ ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸੜਕਾਂ, ਨਿਕਾਸੀ ਪ੍ਰਣਾਲੀ ਅਤੇ ਹੋਰ ਜਨਹਿੱਤ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਟੈਂਡਰ ਛੇਤੀ ਹੀ ਲਾਏ ਜਾਣਗੇ, ਤਾਂ ਜੋ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ।
ਦੂਜੇ ਪਾਸੇ, ਪਿੰਡ ਰਾਈਮਾਜਰਾ ਦੇ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸੜਕ ਦੀ ਮੰਗ ਕਰ ਰਹੇ ਸਨ, ਪਰ ਹਰ ਵਾਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਜਦੋਂ ਸੜਕ ਦਾ ਕੰਮ ਸ਼ੁਰੂ ਹੋਇਆ ਹੈ, ਤਾਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।