ਨੈਸ਼ਨਲ ਯੂਥ ਦਿਵਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਵੱਲੋਂ ਖੂਨਦਾਨੀਆਂ ਦੀ ਸ਼ਲਾਘਾ
ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2026 :ਨੈਸ਼ਨਲ ਯੂਥ ਦਿਵਸ ਦੇ ਮੌਕੇ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਿਖੇ ਵੱਖ ਵੱਖ ਸਕੂਲ/ਕਾਲਜ ਦੇ ਵਿਦਿਆਰਥੀਆਂ ਅਤੇ ਸਮਾਜ ਸੇਵੀਆਂ ਵੱਲੋਂ ਖੂਨ ਦਾਨ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਸਾਬਤ ਦਿੱਤਾ ਗਿਆ। ਇਸ ਮੌਕੇ ਲਗਾਏ ਗਏ ਖੂਨ ਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੂਨ ਦਾਨ ਸਬੰਧੀ ਜਾਗਰੂਕਤਾ ਕਰਨ ਲਈ ਪੋਸਟਰ ਬਣਾਏ ਗਏ ਤੇ ਰੰਗੋਲੀ ਬਣਾਈ ਗਈ ।
ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਕਿਹਾ ਕਿ “ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਖੂਨ ਦਾਨ ਵਰਗੇ ਪੁੰਨਮਈ ਕੰਮ ਕਰਕੇ ਉਹ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਇੱਕ ਯੂਨਿਟ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ, ਇਸ ਲਈ ਨੌਜਵਾਨਾਂ ਨੂੰ ਅੱਗੇ ਆ ਕੇ ਨਿਯਮਿਤ ਤੌਰ ‘ਤੇ ਖੂਨ ਦਾਨ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਿਹਤਮੰਦ ਨੌਜਵਾਨਾਂ ਵੱਲੋਂ ਕੀਤਾ ਗਿਆ ਖੂਨ ਦਾਨ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਵਿੱਚ ਅਹੰਮ ਭੂਮਿਕਾ ਨਿਭਾਉਂਦਾ ਹੈ।
ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਖੂਨ ਦਾਨ ਵਰਗਾ ਮਹਾਨ ਕੰਮ ਕਰਕੇ ਉਹ ਸਮਾਜ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਨੌਜਵਾਨਾਂ ਵੱਲੋਂ ਕੀਤਾ ਗਿਆ ਖੂਨ ਦਾਨ ਹਸਪਤਾਲਾਂ ਵਿੱਚ ਖੂਨ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਖੂਨ ਦਾਨੀ ਦੀ ਸਿਹਤ ‘ਤੇ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਇਹ ਇਕ ਪੂਰੀ ਤਰ੍ਹਾਂ ਸੁਰੱਖਿਅਤ ਪ੍ਰਕਿਰਿਆ ਹੈ। ਜਿਲ੍ਹਾ ਸਿਹਤ ਅਫ਼ਸਰ ਨੇ ਬੱਚਿਆਂ, ਅਧਿਆਪਕਾਂ ਅਤੇ ਕੈਂਪ ਦੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜਸੇਵੀ ਕੰਮਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।
ਕੈਂਪ ਦੇ ਅੰਤ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਸੋਨੀਆ ਗੁਪਤਾ, ਬੀ.ਟੀ.ਓ ਡਾ ਰੀਤਿਕਾ ਅਤੇ ਡਾ ਗੁੰਜਨ ਨੇ ਖੂਨਦਾਨ ਕਰਨ ਵਾਲਿਆ ਦਾ ਸਿਹਤ ਵਿਭਾਗ ਵੱਲੋਂ ਸਹਿਯੋਗ ਕਰਨ ਵਾਲੀਆਂ ਧੰਨਵਾਦ ਕੀਤਾ ਗਿਆ।