ਨਹੀਂ ਹੋ ਰਿਹਾ ਕੂੜੇ ਦਾ ਮਸਲਾ ਹੱਲ ਨਗਰ ਕੌਂਸਲ ਦੇ ਦਫਤਰ ਤੱਕ ਪਹੁੰਚਿਆ ਕੂੜਾ
ਕੂੜੇ ਤੋਂ ਪਰੇਸ਼ਾਨ ਮਹੱਲਾ ਨਿਵਾਸੀਆਂ ਨੂੰ ਧਰਨੇ ਦੌਰਾਨ ਦਿੱਤਾ ਭਰੋਸਾ ਵੀ ਲੋਲੀ ਪੋਪ ਸਾਬਤ ਹੋਇਆ
ਜਗਰਾਉਂ 16 ਅਪ੍ਰੈਲ (ਦੀਪਕ ਜੈਨ)
ਜਗਰਾਉਂ ਸ਼ਹਿਰ ਅੰਦਰ ਥਾਂ ਥਾਂ ਉੱਪਰ ਲੱਗੇ ਕੂੜੇ ਦੇ ਢੇਰਾਂ ਦੇ ਮਸਲੇ ਦਾ ਪ੍ਰਸ਼ਾਸਨ ਵੱਲੋਂ ਕੋਈ ਵੀ ਹੱਲ ਨਹੀਂ ਹੋ ਰਿਹਾ। ਜਿਸ ਕਾਰਨ ਪੂਰਾ ਸ਼ਹਿਰ ਹੀ ਪਰੇਸ਼ਾਨ ਹੈ। ਜਿੱਥੇ ਸਾਰੇ ਸ਼ਹਿਰ ਅੰਦਰ ਹੀ ਸੜਕਾਂ ਦੇ ਕਿਨਾਰਿਆਂ ਉੱਪਰ ਕੂੜੇ ਦੇ ਵੱਡੇ ਵੱਡੇ ਪਹਾੜਾਂ ਰੂਪੀ ਢੇਰ ਲੱਗੇ ਹੋਏ ਹਨ ਅਤੇ ਇਹਨਾਂ ਨੂੰ ਚੁਕਵਾਉਣ ਲਈ ਵੀ ਪ੍ਰਸ਼ਾਸਨ ਵੱਲੋਂ ਕੋਈ ਯਤਨ ਨਹੀਂ ਕੀਤੇ ਜਾ ਰਹੇ ਅਤੇ ਰੋਜ਼ਾਨਾ ਜਿੰਨਾ ਕੂੜਾ ਚੱਕਿਆ ਜਾਂਦਾ ਹੈ ਉਸ ਤੋਂ ਵੀ ਜਿਆਦਾ ਹੋਰ ਵੱਧ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਲਾਇਕੀ ਉਦੋਂ ਦੇਖਣ ਨੂੰ ਸਾਹਮਣੇ ਆਈ ਜਦੋਂ ਨਗਰ ਕੌਂਸਲ ਦੇ ਦਫਤਰ ਦੇ ਅੰਦਰ ਹੀ ਅਧਿਕਾਰੀਆਂ ਦੀ ਅੱਖਾਂ ਦੇ ਸਾਹਮਣੇ ਕੂੜਾ ਇਕੱਠਾ ਕਰਕੇ ਵੱਡੇ ਢੇਰ ਲਗਾ ਦਿੱਤੇ ਗਏ। ਇਸ ਕੂੜੇ ਦੇ ਢੇਰਾਂ ਕਾਰਨ ਜਿੱਥੇ ਦਫਤਰ ਅੰਦਰ ਕੰਮ ਕਰਵਾਉਣ ਆਏ ਸ਼ਹਿਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਕਈ ਤਾਂ ਮਜਬੂਰੀ ਬੱਸ ਆਪਣਾ ਨੱਕ ਮੂੰਹ ਵੀ ਢੱਕ ਕੇ ਦਫਤਰ ਅੰਦਰ ਕੰਮ ਕਰਵਾਉਣ ਆਉਂਦੇ ਹਨ। ਤੁਹਾਨੂੰ ਯਾਦ ਕਰਵਾ ਦਈਏ ਕਿ ਇਸ ਕੂੜੇ ਦੇ ਢੇਰ ਨੂੰ ਚੁਕਵਾਉਣ ਲਈ ਨਗਰ ਕੌਂਸਲ ਦੇ ਨਜ਼ਦੀਕੀ ਮੁਹੱਲਾ ਵਾਸੀਆਂ ਨੇ ਇਸ ਦੀ ਬਦਬੂ ਤੋਂ ਪਰੇਸ਼ਾਨ ਹੋ ਕੇ ਵੱਡੇ ਪੱਧਰ ਤੇ ਧਰਨਾ ਵੀ ਦਿੱਤਾ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਕੂੜੇ ਨੂੰ ਚੁਕਵਾਉਣ ਲਈ ਧਰਨਾਕਾਰੀਆਂ ਨੂੰ ਵਾਅਦਾ ਕਰਕੇ ਧਰਨਾ ਚੁਕਵਾਇਆ ਗਿਆ ਸੀ ਕਿ ਇਹ ਕੂੜਾ ਜਲਦੀ ਹੀ ਚੁਕਵਾ ਦਿੱਤਾ ਜਾਵੇਗਾ। ਪਰ ਅਧਿਕਾਰੀਆਂ ਦਾ ਕੀਤਾ ਵਾਅਦਾ ਲੋਲੀਪੋਪ ਹੀ ਸਾਬਤ ਹੋਇਆ ਅਤੇ ਕਈ ਮਹੀਨੇ ਬੀਤ ਗਏ ਪਰ ਕੂੜੇ ਦਾ ਢੇਰ ਸੁਰਸਾ ਦੇ ਮੂੰਹ ਵਾਂਗੂੰ ਵੱਧਦਾ ਹੀ ਜਾ ਰਿਹਾ ਹੈ। ਹੁਣ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਅਤੇ ਕੁਝ ਮਹੀਨਿਆਂ ਬਾਅਦ ਬਰਸਾਤੀ ਮੌਸਮ ਸ਼ੁਰੂ ਹੋ ਜਾਵੇਗਾ ਤਾਂ ਇਸ ਕੂੜੇ ਤੋਂ ਉੱਠਣ ਵਾਲੀ ਬਦਬੂ ਅਤੇ ਮੱਛਰਾਂ ਦੀ ਭਰਮਾਰ ਨਾਲ ਇਲਾਕੇ ਵਿੱਚ ਕੋਈ ਨਾ ਕੋਈ ਮਹਾ ਰੋਗ ਫੈਲਣ ਦਾ ਵੀ ਖਦਸ਼ਾ ਬਣ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਬਾਕੀ ਦੇ ਕੂੜਾ ਡੰਪਾਂ ਨੂੰ ਚੁਕਵਾਉਣ ਤੋਂ ਪਹਿਲਾਂ ਆਪਣੇ ਦਫਤਰ ਅੰਦਰੋਂ ਕੂੜੇ ਦੇ ਢੇਰ ਨੂੰ ਪਹਿਲ ਦੇ ਆਧਾਰ ਤੇ ਜੰਗੀ ਪੱਧਰ ਉੱਪਰ ਚੁਕਵਾਉਣ ਤਾਂ ਕਿ ਆਉਣ ਵਾਲੀ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ।
ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ ਦਾ ਪਹਿਲਾਂ ਦੀ ਤਰ੍ਹਾਂ ਰਟਿਆ ਰਟਾਇਆ ਜਵਾਬ ਮਿਲਿਆ
ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ ਨੇ ਨਗਰ ਕੌਂਸਲ ਜਗਰਾਉਂ ਦੇ ਅੰਦਰ ਪਏ ਕੂੜੇ ਸਬੰਧੀ ਕਿਹਾ ਕਿ ਟੈਂਡਰ ਹੋ ਗਿਆ ਸੀ ਟੈਂਡਰ ਦਾ ਰੇਟ ਘੱਟ ਹੋਣ ਕਰਕੇ ਕੂੜਾ ਚੁੱਕਿਆ ਨਹੀਂ ਜਾ ਸਕਿਆ। ਹੁਣ 20 ਲੱਖ ਰੁਪਏ ਤੋਂ ਵਧਾ ਕੇ ਟੈਂਡਰ ਦੀ ਅਮਾਊਂਟ 25 ਲੱਖ ਰੁਪਏ ਕਰ ਦਿੱਤੀ ਗਈ ਹੈ। ਦੋ ਤਿੰਨ ਦਿਨ ਵਿੱਚ ਕੂੜਾ ਚੁੱਕਣਾ ਸ਼ੁਰੂ ਹੋ ਜਾਵੇਗਾ।
Click to Follow Babushahi Facebook page →